ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ 11 ਜੁਲਾਈ ਨੂੰ ਚੰਡੀਗੜ੍ਹ ਵਿਭਾਗ ਦੇ ਮੁੱਖ ਦਫ਼ਤਰ ਅੱਗੇ ਹੋਵੇਗਾ ਰੋਸ ਪ੍ਰਦਰਸ਼ਨ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ , 9 ਜੁਲਾਈ, ਬੋਲੇ ਪੰਜਾਬ ਬਿਊਰੋ :

 ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 11 ਜੁਲਾਈ ਦਿਨ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਫ਼ਤਰ ਅੱਗੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੁੱਜਣਗੀਆਂ ।

        ਉਪਰੋਕਤ ਜਾਣਕਾਰੀ ਯੂਨੀਅਨ ਦੀ ਦਫ਼ਤਰ ਸਕੱਤਰ ਸ਼ਿੰਦਰਪਾਲ ਕੌਰ ਥਾਂਦੇਵਾਲਾ , ਸੂਬਾ ਜਨਰਲ ਸਕੱਤਰ ਦਲਜਿੰਦਰ ਕੌਰ ਉਦੋਨੰਗਲ , ਗੁਰਮੀਤ ਕੌਰ ਗੋਨੇਆਣਾ ਅਤੇ ਸਤਵੰਤ ਕੌਰ ਭੋਗਪੁਰ ਨੇ ਦਿੱਤੀ ।

ਉਹਨਾਂ ਕਿਹਾ ਕਿ ਪਿਛਲੇਂ ਲੰਮੇ ਸਮੇਂ ਤੋਂ ਵਿਭਾਗ ਦੇ ਡਾਇਰੈਕਟਰ ਅਤੇ ਮੰਤਰੀ ਨੂੰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਭੇਜ ਰਹੇ ਹਾਂ । ਪਰ ਵਿਭਾਗ ਅਤੇ ਮੰਤਰੀ ਵੱਲੋਂ ਮੰਗਾਂ ਤੇ ਗੌਰ ਕਰਨ ਦੀ ਥਾਂ ਟਾਲ ਮਟੋਲ ਅਤੇ ਡੰਗ ਟਪਾਊ ਪਹੁੰਚ ਅਪਣਾਈ ਜਾ ਰਹੀ ਹੈ ਉਹਨਾਂ ਦੱਸਿਆ ਕਿ ਡਾਇਰੈਕਟਰ ਅਤੇ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਬਾਅਦ ਵਿੱਚ ਬਿਨਾਂ ਕਿਸੇ ਕਾਰਨ ਤੋਂ ਮੀਟਿੰਗ ਕੈਂਸਲ ਕਰ ਦਿੱਤੀ ਜਾਂਦੀ ਹੈ ਅਤੇ ਖੱਜਲਖੁਆਰੀ ਕੀਤੀ ਜਾਂਦੀ ਹੈ । ਵਿਭਾਗ ਵੱਲੋਂ ਹਰ ਰੋਜ ਤਾਨਾਸ਼ਾਹੀ ਰਵਈਆ ਅਪਣਾਉਂਦੇ ਹੋਏ ਵਰਕਰਾਂ ਨੂੰ ਖਵਾਰ ਕਰਨ ਵਾਲੇ ਪੱਤਰ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਵਰਕਰਾਂ ਨੂੰ ਡਰਾ ਧਮਕਾ ਕੇ ਰੱਖਿਆ ਜਾ ਸਕੇ । ਵਰਕਰਾਂ ਤੇ ਹੈਲਪਰਾਂ ਦੇ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ । 

       ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2017 ਤੋਂ ਆਂਗਣਵਾੜੀ ਸੈਂਟਰਾਂ ਵਿੱਚੋਂ ਖੋਹੇ ਹੋਏ ਬੱਚਿਆਂ ਨੂੰ ਅਜੇ ਤੱਕ ਵਾਪਸ ਨਹੀਂ ਕੀਤਾ ਗਿਆ । ਸਮਾਜ ਭਲਾਈ ਬੋਰਡ ਅਧੀਨ ਆਉਂਦੇ 5 ਬਲਾਕਾਂ ਦੀਆਂ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ 10 ਮਹੀਨਿਆਂ ਤੋਂ ਮਾਣ ਭੱਤਾ ਨਹੀਂ ਦਿੱਤਾ ਗਿਆ। ਪੰਜਾਬ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ ਇਕ ਸਾਲ ਤੋਂ ਪੀ ਐਮ ਐਮ ਵੀ ਵਾਈ ਯੋਜਨਾ ਦੇ ਤਹਿਤ ਕੰਮ ਕਰਨ ਵਾਲਾ ਭੱਤਾ ਨਹੀਂ ਦਿੱਤਾ ਜਾ ਰਿਹਾ । ਇਹਨਾਂ ਵਿੱਚੋਂ ਕੁੱਝ ਵਰਕਰ ਅਜਿਹੀਆਂ ਵੀ ਹਨ ਜਿੰਨਾਂ ਦਾ ਪਿਛਲੇਂ 5 ਸਾਲਾਂ ਦਾ ਬਕਾਇਆ ਖੜ੍ਹਾ ਹੈ । ਵਰਕਰਾਂ ਨੂੰ ਪਿਛਲੇਂ 8 ਸਾਲਾਂ ਤੋਂ ਸਮਾਰਟ ਫੋਨ ਨਹੀਂ ਦਿੱਤੇ ਜਾ ਰਹੇ ਤੇ ਉਹਨਾਂ ਨੂੰ ਆਪਣੇ ਫੋਨਾਂ ਤੋਂ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਮੈਡੀਕਲ ਲੀਵ ਅਤੇ ਬਿਨਾਂ ਤਨਖਾਹ ਛੁੱਟੀ ਵੀ ਬੰਦ ਕਰ ਦਿੱਤੀ । ਆਂਗਣਵਾੜੀ ਸੈਂਟਰਾਂ ਵਿੱਚ ਲਾਭਪਾਤਰੀਆਂ ਲਈ ਭੇਜਿਆ ਜਾ ਰਿਹਾ ਰਾਸ਼ਨ ਬਹੁਤ ਹੀ ਘਟੀਆਂ ਕੁਆਲਿਟੀ ਦਾ ਹੈ । ਜਿਸ ਨੂੰ ਲੈਣ ਤੋਂ ਲਾਭਪਾਤਰੀ ਇਨਕਾਰੀ ਹਨ । ਪਰ ਵਾਰ ਵਾਰ ਪੰਜਾਬ ਸਰਕਾਰ ਅਤੇ ਵਿਭਾਗ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਵੀ ਸਾਰੇ ਅੱਖਾਂ ਮੀਚੀ ਬੈਠੇ ਹਨ ਕਿਉਂਕਿ ਉਕਤ ਰਾਸ਼ਨ ਵੇਰਕਾ ਤੋਂ ਵਾਪਸ ਲੈ ਕੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਕੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਹੈ । ਇਸੇ ਤਰ੍ਹਾਂ ਹੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ , ਬਦਲੀ, ਪ੍ਰਮੋਸ਼ਨ , ਆਸ਼ਰਿਤਾਂ ਨੂੰ ਨੌਕਰੀਆਂ ਆਦਿ ਦੀ ਵੀ ਕੋਈ ਸਪਸ਼ਟ ਨੀਤੀ ਨਹੀਂ ਹੈ । ਪਿਛਲੇਂ ਸਮੇਂ ਤੋਂ ਮੈਰਿਟ ਦੇ ਆਧਾਰ ਤੇ ਬਣਾਈਆਂ ਗਈਆਂ ਭਰਤੀ ਨੀਤੀਆਂ ਨੂੰ ਜਾਣ ਬੁੱਝ ਕੇ ਐਨਾ ਗੁੰਝਲਦਾਰ ਬਣਾ ਦਿੱਤਾ ਗਿਆ ਹੈ ਜਿਸ ਕਰਕੇ ਰਿਸ਼ਵਤ ਦਾ ਬਜ਼ਾਰ ਪੂਰੀ ਤਰ੍ਹਾਂ ਗਰਮ ਹੈ । 

      ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੂੰ ਬਿਨਾਂ ਕਿਸੇ ਦੋਸ਼ ਤੋਂ ਬਦਲਾਖੋਰੀ ਨੀਤੀ ਦੇ ਤਹਿਤ ਸੇਵਾਵਾਂ ਤੋਂ ਫਾਰਗ ਕੀਤਾ ਗਿਆ ਹੈ । ਜਥੇਬੰਦੀ ਇਸ ਦਾ ਸਖ਼ਤ ਨੋਟਿਸ ਲੈ ਰਹੀ ਹੈ ।

 ਉਹਨਾਂ ਕਿਹਾ ਕਿ ਜਥੇਬੰਦੀ ਦੀ ਮੰਗ ਹੈ ਕਿ ਆਂਗਣਵਾੜੀ ਵਰਕਰਾਂ ਨੂੰ ਐਨ ਟੀ ਟੀ ਦਾ ਕੋਰਸ ਕਰਵਾ ਕੇ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਕਿਉਂਕਿ ਨਵੀਂ ਸਿੱਖਿਆ ਨੀਤੀ ਅਨੁਸਾਰ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇਣਾ ਬਣਦਾ ਹੈ । ਪਰ ਪੰਜਾਬ ਸਰਕਾਰ ਪ੍ਰੀ ਨਰਸਰੀ ਟੀਚਰ ਦੀਆਂ ਪੋਸਟਾਂ ਵਲੰਟੀਅਰ ਨੂੰ ਦੇਣਾ ਚਾਹੁੰਦੀ ਹੈ । ਜਥੇਬੰਦੀ ਇਹ ਵੀ ਮੰਗ ਕਰਦੀ ਹੈ ਕਿ ਵਰਕਰਾਂ ਤੇ ਹੈਲਪਰਾਂ ਨੂੰ ਦਿੱਤੇ ਜਾਣ ਵਾਲਾ ਮਾਣ ਭੱਤਾ ਹਰ ਮਹੀਨੇ ਦੀ 2 ਤਰੀਕ ਨੂੰ ਯਕਮੁਸ਼ਤ ਦਿੱਤਾ ਜਾਵੇ ਕਿਉਂਕਿ ਸਰਕਾਰ ਇਹ ਮਾਣ ਭੱਤਾ ਵੀ ਟੋਟਿਆਂ ਵਿੱਚ ਦਿੰਦੀ ਹੈ । ਐਨ ਜੀ ਓ ਨੂੰ ਦਿੱਤੇ ਸਾਰੇ ਬਲਾਕ ਮੁੱਖ ਵਿਭਾਗ ਵਿੱਚ ਮਰਜ਼ ਕੀਤੇ ਜਾਣ ।

       ਆਗੂਆਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਇਹਨਾਂ ਮਸਲਿਆਂ ਦਾ ਹੱਲ ਨਹੀਂ ਹੁੰਦਾ ਉਨ੍ਹਾਂ ਚਿਰ ਜਥੇਬੰਦੀ ਦਾ ਸੰਘਰਸ਼ ਜਾਰੀ ਰਹੇਗਾ ਅਤੇ 11 ਜੁਲਾਈ ਨੂੰ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਪੰਜਾਬ ਦੇ ਹਰੇਕ ਬਲਾਕ ਵਿੱਚੋ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪਹੁੰਚ ਰਹੀਆਂ ਹਨ ।

Leave a Reply

Your email address will not be published. Required fields are marked *