ਨਵੀਂ ਦਿੱਲੀ, 8 ਜੁਲਾਈ, ਬੋਲੇ ਪੰਜਾਬ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਆਸਟਰੀਆ ਵਿਚਾਲੇ ਕੂਟਨੀਤਕ ਸਬੰਧਾਂ ਦੇ 75 ਸਾਲ ਪੂਰੇ ਹੋਣ ਦੇ ਮੌਕੇ ‘ਤੇ ਇਸ ਮੱਧ ਯੂਰਪੀ ਦੇਸ਼ ਦਾ ਦੌਰਾ ਕਰਨਾ ਬਹੁਤ ਮਾਣ ਵਾਲੀ ਗੱਲ ਹੈ। ਦੋਵੇਂ ਦੇਸ਼ ਸਹਿਯੋਗ ਵਧਾਉਣ ਲਈ ਨਵੇਂ ਤਰੀਕੇ ਲੱਭਣ ‘ਤੇ ਚਰਚਾ ਕਰਨਗੇ। ਉਨ੍ਹਾਂ ਇਹ ਗੱਲ ਆਸਟ੍ਰੀਆ ਦੇ ਚਾਂਸਲਰ ਕਾਰਲ ਨੇਹਮਰ ਦੀ ਸੋਸ਼ਲ ਮੀਡੀਆ ਪੋਸਟ ਦੇ ਜਵਾਬ ਵਿੱਚ ਕਹੀ। ਪ੍ਰਧਾਨ ਮੰਤਰੀ ਮੋਦੀ ਸੋਮਵਾਰ ਨੂੰ ਰੂਸ ਅਤੇ ਆਸਟਰੀਆ ਦੇ ਤਿੰਨ ਦਿਨਾਂ ਦੌਰੇ ‘ਤੇ ਰਵਾਨਾ ਹੋਣਗੇ। ਇਸ ਦੌਰਾਨ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵਪਾਰ ਨੂੰ ਹੋਰ ਵਧਾਉਣ, ਖਾਸ ਤੌਰ ‘ਤੇ ਰੱਖਿਆ ਅਤੇ ਊਰਜਾ ਖੇਤਰਾਂ ‘ਚ ਗੱਲਬਾਤ ਕਰਨਗੇ।
ਐਤਵਾਰ ਨੂੰ ਆਸਟ੍ਰੀਆ ਦੇ ਚਾਂਸਲਰ ਨੇਹਮਰ ਦੀ ਸੋਸ਼ਲ ਮੀਡੀਆ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ ਇਸ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਡੂੰਘੇ ਹੋਣਗੇ। ਪੀਐੱਮ ਨੇ ਆਪਣੀ ਪੋਸਟ ‘ਚ ਲਿਖਿਆ, ਮੈਂ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਹਿਯੋਗ ਦੇ ਨਵੇਂ ਮੌਕਿਆਂ ਦੀ ਖੋਜ ‘ਤੇ ਚਰਚਾ ਦੀ ਉਮੀਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜਮਹੂਰੀਅਤ, ਆਜ਼ਾਦੀ ਅਤੇ ਕਾਨੂੰਨ ਦੇ ਸ਼ਾਸਨ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਉਹ ਨੀਂਹ ਹਨ, ਜਿਸ ‘ਤੇ ਦੋਵੇਂ ਦੇਸ਼ ਮਿਲ ਕੇ ਸਦਾ ਲਈ ਨਜ਼ਦੀਕੀ ਸਾਂਝੇਦਾਰੀ ਦਾ ਨਿਰਮਾਣ ਕਰਨਗੇ।