ਸਿੱਖਿਆ ਵਿਭਾਗ ਵੱਲੋਂ ਕੀਤੀਆਂ ਲੈਕਚਰਾਰਾਂ ਦੀਆਂ ਬਦਲੀਆਂ ਦਾ ਵਿਆਪਕ ਵਿਰੋਧ

ਚੰਡੀਗੜ੍ਹ ਪੰਜਾਬ

ਮੋਹਾਲੀ 8 ਜੁਲਾਈ ,ਬੋਲੇ ਪੰਜਾਬ ਬਿਊਰੋ :

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ, ਦੇ ਪ੍ਰਧਾਨ ਸੰਜੀਵ ਕੁਮਾਰ ਵੱਲੋਂ ਸਕੂਲ ਸਿੱਖਿਆ ਮੰਤਰੀ ਪੰਜਾਬ ਅਤੇ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਪੰਜਾਬ ਨੂੰ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਵਿੱਚ ਵਿਭਾਗ ਵੱਲੋਂ ਸਕੂਲ ਲੈਕਚਰਾਰਾ ਦੀਆਂ ਕੀਤੀਆਂ ਗਈਆਂ ਜ਼ਬਰੀ ਤੈਨਾਤੀਆਂ ਦੇ ਸੰਬੰਧ ਵਿੱਚ ਲਿਖਿਆ ਗਿਆ ਹੈ,ਇਸ ਦਾ ਵੇਰਵਾ ਦਿੰਦੇ ਹੋਏ ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਮਿਤੀ 5/7/2024 ਨੂੰ ਪੱਤਰ ਨੰਬਰ SED/EDU203/02/2024-2EDU21/877323/2024 ਅਧੀਨ 6 ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਨੂੰ ਸੈਂਟਰ ਆਫ਼ ਐਕਸੀਲੈਂਸ ਬਣਾਉਣ ਹਿੱਤ 22 ਲੈਕਚਰਾਰਾਂ ਦੀਆਂ ਤੈਨਾਤੀਆਂ ਉਹਨਾਂ ਦੇ ਸੰਬੰਧਿਤ ਸਕੂਲਾਂ ਤੋਂ ਕੀਤੀਆਂ ਗਈਆਂ ਹਨ| ਇਹਨਾਂ ਲੈਕਚਰਾਰਾਂ ਦਾ ਇਤਰਾਜ਼ ਹੈ ਕਿ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਅਤੇ ਐੱਸ ਸੀ ਈ ਆਰ ਟੀ ਪੰਜਾਬ ਦਾ ਕਾਡਰ ਵੱਖਰਾ ਹੈ ਇਸ ਲਈ ਇਹਨਾਂ ਸੰਸਥਾਵਾਂ ਵਿੱਚ ਤੈਨਾਤੀਆਂ ਕਰਨ ਸਮੇਂ ਉਹਨਾਂ ਦੀ ਸਹਿਮਤੀ ਲਈ ਜਾਣੀ ਬਣਦੀ ਸੀ ਜੋ ਨਹੀਂ ਲਈ ਗਈ| ਦੂਸਰਾ ਇਹਨਾਂ ਵਿੱਚੋਂ ਬਹੁਤੇ ਲੈਕਚਰਾਰ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਦੀਆਂ ਨਿਰਧਾਰਿਤ ਐੱਮ ਐੱਡ ਤੇ ਹੋਰ ਸ਼ਰਤਾਂ ਵੀ ਪੂਰੀਆਂ ਨਹੀਂ ਕਰਦੇ| ਜ਼ਿਕਰਯੋਗ ਹੈ ਕਿ ਇਹ ਤੇਨਾਤੀਆਂ ਕਰਨ ਸਮੇਂ ਯੋਗਤਾਵਾ ਦਾ ਧਿਆਨ ਨਹੀਂ ਰੱਖਿਆ ਗਿਆ|ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪਹਿਲਾਂ ਤੋਂ ਹੀ ਲੈਕਚਰਾਰਾਂ ਦੀਆਂ 13913 ਅਸਾਮੀਆਂ ਵਿੱਚੋਂ ਅੱਧੇ ਤੋਂ ਵੱਧ ਖ਼ਾਲੀ ਪਈਆਂ ਹਨ ਜਿਸ ਦਾ ਕਾਰਨ ਲੰਮੇ ਸਮੇਂ ਤੋਂ ਵਿਭਾਗ ਵਿੱਚ ਭਰਤੀ ਨਾ ਹੋਣਾ ਅਤੇ ਪਦਉੱਨਤੀਆਂ ਨਾ ਹੋਣਾ ਹੈ ਜਿਸ ਕਾਰਨ ਸਕੂਲਾਂ ਵਿੱਚ ਲੈਕਚਰਾਰਾ ਦੀ ਬਹੁਤ ਘਾਟ ਹੈ। ਅਜਿਹੇ ਸਮੇਂ ਵਿੱਚ ਲੈਕਚਰਾਰਾਂ ਨੂੰ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਵਿੱਚ ਸ਼ਿਫਟ ਕਰਨ ਨਾਲ ਸਕੂਲਾਂ ਵਿੱਚ ਸਿੱਖਿਆ ਦਾ ਪਹਿਲਾਂ ਹੀ ਉਭਰਿਆ ਹੋਇਆ ਸੰਕਟ ਹੋਰ ਗਹਿਰਾ ਜਾਵੇਗਾ| ਉਹਨਾਂ ਦੱਸਿਆ ਕਿ ਜਿਨ੍ਹਾਂ ਲੈਕਚਰਾਰਾਂ ਨੂੰ ਸਕੂਲਾਂ ਵਿੱਚੋਂ ਬਦਲਿਆ ਗਿਆ ਹੈ ਉਨ੍ਹਾਂ ਸਕੂਲਾਂ ਵਿੱਚ ਇਸ ਵਿਸ਼ੇ ਦਾ ਇੱਕੋ ਲੈਕਚਰਾਰ ਹੋਣ ਕਾਰਨ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਵੇਗਾ| ਉਹਨਾਂ ਇਹ ਵੀ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਨਵੀਂ ਆਨਲਾਈਨ ਬਦਲੀ ਨੀਤੀ ਲਾਗੂ ਕੀਤੀ ਗਈ ਹੈ ਪ੍ਰੰਤੂ ਇਸ ਦੇ ਬਾਵਜ਼ੂਦ ਲੈਕਚਰਾਰਾਂ ਦੀ ਸਹਿਮਤੀ ਲਏ ਬਗੈਰ ਬਦਲੀਆਂ ਕੀਤੀਆਂ ਗਈਆਂ ਹਨ । ਬਦਲੀਆਂ ਕਰਨ ਵੇਲੇ ਕਰੋਨਿਕ ਬਿਮਾਰੀ ਤੋਂ ਗ੍ਰਸਤ ਅਤੇ ਅਪਾਹਜ਼ ਲੈਕਚਰਾਰ/ਅਧਿਆਪਕਾਂ ਦਾ ਅਤੇ ਇੱਕ/ਦੋ ਸਾਲ ਦੌਰਾਨ ਸੇਵਾ ਮੁਕਤ ਹੋਣ ਵਾਲ਼ੇ ਲੈਕਚਰਾਰਾਂ/ਅਧਿਆਪਕਾ ਦਾ ਵੀ ਧਿਆਨ ਨਹੀਂ ਰੱਖਿਆ ਗਿਆ ਹੈ ।ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਨੇ ਮੰਗ ਕੀਤੀ ਕਿ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ, ਐੱਸ ਸੀ ਈ ਆਰ ਟੀ ਪੰਜਾਬ ਅਤੇ ਸਕੂਲਾਂ ਵਿੱਚ ਖਾਲੀ ਪਈਆਂ ਲੈਕਚਰਾਰਾ ਦੀਆਂ ਅਸਾਮੀਆਂ ਨੂੰ ਜਲਦੀ ਤੋਂ ਜਲਦੀ ਤਰੱਕੀ ਰਾਹੀਂ ਅਤੇ ਸਿੱਧੀ ਭਰਤੀ ਰਾਹੀਂ ਬਣਦੇ ਕੋਟੇ ਅਨੁਸਾਰ ਭਰਿਆ ਜਾਵੇ ਅਤੇ ਇਸ ਤਰ੍ਹਾਂ ਬਿਨਾਂ ਕਿਸੇ ਕਾਇਦੇ ਤੋਂ ਕੀਤੀਆਂ ਤਾਇਨਾਤੀਆਂ ਰੱਦ ਕੀਤੀਆਂ ਜਾਣ|

Leave a Reply

Your email address will not be published. Required fields are marked *