ਜਲੰਧਰ 8 ਜੁਲਾਈ ,ਬੋਲੇ ਪੰਜਾਬ ਬਿਊਰੋ :
ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ 5 ਕਰੋੜ ਰੁਪਏ ਦਾ ਮਾਣਹਾਨੀ ਦਾ ਦਾਅਵਾ ਕੀਤਾ ਹੈ। ਸੁਸੀਲ ਰਿੰਕੂ ਨੇ ਮਾਣਹਾਨੀ ਕੇਸ ਲਈ ਚੰਨੀ ਖਿਲਾਫ਼ 5 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ। ਰਿੰਕੂ ਨੇ ਐਤਵਾਰ ਨੂੰ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ 6 ਪੰਨਿਆਂ ਦਾ ਨੋਟਿਸ ਭੇਜ ਕੇ ਕਿਹਾ ਹੈ ਕਿ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਕਰਵਾਈ ਗਈ ਕਾਂਗਰਸ ਦੀ ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਦਿੱਤੇ ਬਿਆਨ ਵਿੱਚ ਉਨ੍ਹਾਂ ਰਿੰਕੂ ‘ਤੇ ਗੰਭੀਰ ਦੋਸ਼ ਲਗਾਏ ਸਨ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ, ਲਾਟਰੀ, ਜੂਏ, ਡਕੈਤੀ, ਚੋਰੀ ਅਤੇ ਖੋਹਣ ਵਿੱਚ ਸ਼ਾਮਲ ਰਹੇ ਹਨ। ਸੁਸ਼ੀਲ ਰਿੰਕੂ ਨੇ ਕਿਹਾ ਕਿ ਮੈਨੂੰ ਬਹੁਤ ਦੁੱਖ਼ ਹੈ ਕਿ ਅੱਜ ਚੰਨੀ ਸਾਬ੍ਹ ਮੇਰੇ ‘ਤੇ ਆਪਣੇ ਇਲਾਕੇ ‘ਚ ਸੱਟੇਬਾਜ਼ੀ ਕਰਵਾਉਣ ਦਾ ਦੋਸ਼ ਲਗਾ ਰਹੇ ਹਨ। ਰਿੰਕੂ ਨੇ ਕਿਹਾ ਕਿ ਮੈਂ ਚੰਗੇ ਪਰਿਵਾਰ ਤੋਂ ਹਾਂ, ਮੇਰੇ ਪਰਿਵਾਰ ‘ਤੇ ਕਈ ਝੂਠੇ ਇਲਜ਼ਾਮ ਲਗਾਏ ਗਏ। ਇਸ ਦੇ ਨਾਲ ਹੀ ਰਿੰਕੂ ਨੇ ਚਰਨਜੀਤ ਸਿੰਘ ਚੰਨੀ ਦੀ ਇਕ ਵੀਡੀਓ ਵੀ ਵਿਖਾਈ, ਜਿਸ ‘ਚ ਉਹ ਰਿੰਕੂ ‘ਤੇ ਦੋਸ਼ ਲਗਾ ਰਹੇ ਸਨ। ਰਿੰਕੂ ਨੇ ਕਿਹਾ ਕਿ ਮੇਰੇ ਅਤੇ ਮੇਰੇ ਪਰਿਵਾਰ ਨੂੰ ਵੱਡੀ ਠੇਸ ਪਹੁੰਚੀ ਹੈ ਕਿ ਚਰਨਜੀਤ ਸਿੰਘ ਨੇ ਅਜਿਹੇ ਵੱਡੇ ਇਲਜ਼ਾਮ ਲਾਏ ਹਨ।