ਅਬੋਹਰ : ਸੱਤ ਲੋਕਾਂ ਨੂੰ ਅਵਾਰਾ ਕੁੱਤਿਆਂ ਨੇ ਵੱਢਿਆ

ਚੰਡੀਗੜ੍ਹ ਪੰਜਾਬ


ਅਬੋਹਰ, 8 ਜੁਲਾਈ, ਬੋਲੇ ਪੰਜਾਬ ਬਿਊਰੋ :


ਸ਼ਹਿਰ ਵਿੱਚ ਆਵਾਰਾ ਪਸ਼ੂਆਂ ਤੋਂ ਬਾਅਦ ਹੁਣ ਆਵਾਰਾ ਕੁੱਤਿਆਂ ਦੀ ਸਮੱਸਿਆ ਵੀ ਗੰਭੀਰ ਹੁੰਦੀ ਜਾ ਰਹੀ ਹੈ। ਬੀਤੇ ਕੱਲ੍ਹ ਦੁਪਹਿਰ ਤੱਕ 7 ਕੁੱਤਿਆਂ ਦੇ ਕੱਟਣ ਦੇ ਮਾਮਲੇ ਸਰਕਾਰੀ ਹਸਪਤਾਲ ਵਿੱਚ ਪੁੱਜੇ ਅਤੇ ਉਨ੍ਹਾਂ ਨੂੰ ਰੇਬੀਜ਼ ਦਾ ਟੀਕਾਕਰਨ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 74 ਸਾਲਾ ਮਾਇਆ ਦੇਵੀ ਪਤਨੀ ਜਗਦੀਸ਼ ਵਾਸੀ ਬਠਿੰਡਾ ਰਾਮਦੇਵ ਨਗਰੀ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਆਈ ਹੋਈ ਸੀ ਜਦੋਂ ਉਸ ਨੂੰ ਆਵਾਰਾ ਕੁੱਤੇ ਨੇ ਵੱਢ ਲਿਆ। ਇਸ ਤੋਂ ਇਲਾਵਾ 16 ਸਾਲਾ ਵਿਸ਼ਾਲ ਪੁੱਤਰ ਸੁਭਾਸ਼ ਵਾਸੀ ਅਜ਼ੀਮਗੜ੍ਹ ਨੂੰ ਵੀ ਕੁੱਤੇ ਨੇ ਵੱਢ ਲਿਆ।
ਇਸ ਦੇ ਨਾਲ ਹੀ ਸ਼ਸ਼ੀਪਾਲ ਪੁੱਤਰ ਹਰਨੇਕ ਵਾਸੀ ਨਵਾਂ ਅਬਾਦੀ ਅਤੇ 16 ਸਾਲਾ ਹਿੰਮਤ ਪੁੱਤਰ ਕਾਸ਼ੀ ਰਾਮ ਵਾਸੀ ਜੀਵਨ ਨਗਰ ਨੂੰ ਵੀ ਅਵਾਰਾ ਕੁੱਤਿਆਂ ਨੇ ਵੱਢ ਲਿਆ। ਇਸ ਤੋਂ ਇਲਾਵਾ 3 ਸਾਲਾ ਮਾਸੂਮ ਬੱਚੀ ਹਰਨੂਰ ਪੁੱਤਰੀ ਚੰਦਰਭਾਨ ਵਾਸੀ ਪਿੰਡ ਸੱਪਾਂਵਾਲੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਉਸ ਨੂੰ ਕੁੱਤਿਆਂ ਨੇ ਵੱਢ ਲਿਆ। ਇੱਕ ਹੋਰ ਮਾਮਲੇ ਵਿੱਚ ਤਾਰਾ ਚੰਦ ਪੁੱਤਰ ਰਾਮਜੀ ਲਾਲ ਵਾਸੀ ਡੰਗਰਖੇੜਾ ਅਤੇ ਅਮਿਤ ਪੁੱਤਰ ਸ਼ਿਵ ਨਰਾਇਣ ਵਾਸੀ ਜੰਡਵਾਲਾ ਹਨੂੰਮੰਤਾ ਨੂੰ ਆਵਾਰਾ ਕੁੱਤਿਆਂ ਨੇ ਵੱਢ ਲਿਆ।
ਸਾਰਿਆਂ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਸਾਰਿਆਂ ਨੂੰ ਰੇਬੀਜ਼ ਦਾ ਟੀਕਾਕਰਨ ਕਰਕੇ ਘਰ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਕੱਲੇ ਜੂਨ ਮਹੀਨੇ ਵਿਚ ਹੀ ਆਵਾਰਾ ਕੁੱਤਿਆਂ ਨੇ 320 ਦੇ ਕਰੀਬ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਸਰਕਾਰੀ ਹਸਪਤਾਲ ਦੀ ਟੀਕਾਕਰਨ ਇੰਚਾਰਜ ਰਿਤੂ ਬਾਲਾ ਨੇ ਦੱਸਿਆ ਕਿ ਹਰ ਰੋਜ਼ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਕੁੱਤਿਆਂ ਦੇ ਕੱਟਣ ਦੇ 15 ਦੇ ਕਰੀਬ ਕੇਸ ਸਾਹਮਣੇ ਆਉਂਦੇ ਹਨ।

Leave a Reply

Your email address will not be published. Required fields are marked *