ਨਵੀਂ ਦਿੱਲੀ 6 ਜੁਲਾਈ,ਬੋਲੇ ਪੰਜਾਬ ਬਿਊਰੋ :
ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਆਪ ਜੀ ਦਾ ਸੰਘਰਸ਼ਸ਼ੀਲ ਜੀਵਨ 1975 ਵਿੱਚ ਇੰਦਰਾ ਗਾਂਧੀ ਵਲੋਂ ਲਗਾਈ ਗਈ ਐਮਰਜੈਂਸੀ ਦੇ ਵਿਰੋਧ ਵਜੋਂ ਸ਼ੁਰੂ ਹੋ ਗਿਆ ਸੀ । ਉਸ ਤੋਂ ਬਾਅਦ 1981 ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਇੰਡੀਅਨ ਏਅਰਲਾਈਨਜ਼ ਦਾ ਜਹਾਜ ਹਾਈਜੈਕ ਕਰਕੇ ਪਾਕਿਸਤਾਨ ਲੈ ਗਏ ਸਨ। ਜਿਸਦੀ ਸਜ਼ਾ ਕੋਟ ਲਖਪਤ ਜੇਲ੍ਹ ਵਿੱਚ ਕੱਟੀ। ਉਸਤੋਂ ਉਪਰੰਤ ਪਾਕਿਸਤਾਨ ਵਿੱਚ ਜਲਾਵਤਨੀ ਜੀਵਨ ਗੁਜਾਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਅਸੀਂ ਸਿੱਖ ਫੈਡਰੇਸ਼ਨ ਯੂਕੇ ਜਥੇਬੰਦੀ ਦੇ ਸਮੂਹ ਮੈਂਬਰਾਂ ਵੱਲੋਂ ਭਾਈ ਸਾਹਿਬ ਜੀ ਦੇ ਸੰਘਰਸ਼ ਮਈ ਜੀਵਨ ਨੂੰ ਕੇਸਰੀ ਪ੍ਰਣਾਮ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਹਾਂ ਕਿ ਗੁਰੂ ਮਹਾਰਾਜ ਦੀ ਆਪ ਜੀ ਦੀ ਆਤਮਾ ਨੂੰ ਸਦੀਵ ਕਾਲ ਅਪਣੇ ਪਾਵਨ ਚਰਨਾਂ ਵਿੱਚ ਨਿਵਾਸ ਬਖਸ਼ਣ। ਸਿੱਖ ਫੈਡਰੇਸ਼ਨ ਯੂਕੇ ਆਪ ਜੀ ਦੀਆਂ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਲਈ ਰਿਣੀ ਰਹੇਗੀ।