ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ‘ਤੇ ਭਿਆਨਕ ਹਾਦਸਾ ਵਾਪਰਿਆ, ਚਾਰ ਵਾਹਨ ਟਕਰਾਏ
ਟਾਂਡਾ, 4 ਜੁਲਾਈ, ਬੋਲੇ ਪੰਜਾਬ ਬਿਊਰੋ :
ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ‘ਤੇ ਅੱਡਾ ਖੁੱਡਾ ਨੇੜੇ ਹੋਏ ਹਾਦਸੇ ‘ਚ ਚਾਰ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਨੈਸ਼ਨਲ ਹਾਈਵੇਅ ਦੀ ਆਵਾਜਾਈ ਕੁਝ ਸਮੇਂ ਲਈ ਪ੍ਰਭਾਵਿਤ ਹੋਈ।
ਜਾਣਕਾਰੀ ਅਨੁਸਾਰ ਜਲੰਧਰ ਤੋਂ ਪਠਾਨਕੋਟ ਜਾ ਰਹੇ ਦੋ ਟਿੱਪਰਾਂ ‘ਚੋਂ ਇਕ ਅਚਾਨਕ ਬੇਕਾਬੂ ਹੋ ਕੇ ਦੂਜੇ ਟਿੱਪਰ ਨਾਲ ਜਾ ਟਕਰਾਇਆ, ਜੋ ਕੌਮੀ ਮਾਰਗ ‘ਤੇ ਜਾ ਰਹੀ ਇੰਡੀਗੋ ਕਾਰ ‘ਤੇ ਪਲਟ ਗਿਆ। ਜਲੰਧਰ ਤੋਂ ਪਠਾਨਕੋਟ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਵੀ ਇਨ੍ਹਾਂ ਟਿੱਪਰਾਂ ਨਾਲ ਟਕਰਾ ਗਈ।
ਖੁਸ਼ਕਿਸਮਤੀ ਇਹ ਰਹੀ ਕਿ ਬੱਸ ਵਿੱਚ ਸਵਾਰ ਸਵਾਰੀਆਂ ਅਤੇ ਇੰਡੀਗੋ ਕਾਰ ਵਿੱਚ ਸਵਾਰ ਸਵਾਰੀਆਂ ਵਾਲ-ਵਾਲ ਬਚ ਗਈਆਂ। ਮੌਕੇ ‘ਤੇ ਪਹੁੰਚੀ ਰੋਡ ਸੇਫਟੀ ਫੋਰਸ ਦੀ ਟੀਮ ਵੱਲੋਂ ਟਿੱਪਰ ਚਾਲਕ,ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ,ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ। ਕੌਮੀ ਮਾਰਗ ’ਤੇ ਆਵਾਜਾਈ ਵੀ ਬਹਾਲ ਕਰ ਦਿੱਤੀ ਗਈ। ਇਸ ਸਬੰਧੀ ਟਾਂਡਾ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ।