4 ਜੁਲਾਈ 1955 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਹੋਏ ਹਮਲੇ ਦੀ ਯਾਦ ’ਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ

ਚੰਡੀਗੜ੍ਹ ਪੰਜਾਬ

4 ਜੁਲਾਈ 1955 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਹੋਏ ਹਮਲੇ ਦੀ ਯਾਦ ’ਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ

ਚੰਡੀਗੜ੍ਹ, 4 ਜੁਲਾਈ,ਬੋਲੇ ਪੰਜਾਬ ਬਿਊਰੋ :

ਅਜ਼ਾਦ ਭਾਰਤ ਅੰਦਰ ਪੰਜਾਬੀ ਸੂਬਾ ਮੋਰਚਾ ਦੌਰਾਨ ਸਮੇਂ ਦੀ ਸਰਕਾਰ ਵੱਲੋਂ 4 ਜੁਲਾਈ 1955 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੇ ਹਮਲੇ ਦੀ ਯਾਦ ਵਿਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਰੂਪ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਅਰਦਾਸ ਭਾਈ ਸਰਵਣ ਸਿੰਘ ਨੇ ਕੀਤੀ। ਸੰਗਤ ਨੂੰ ਹੁਕਮਨਾਮਾ ਕਥਾਵਾਚਕ ਭਾਈ ਵਿਸ਼ਾਲ ਸਿੰਘ ਨੇ ਸਰਵਣ ਕਰਵਾਇਆ।
ਸਮਾਗਮ ਮੌਕੇ ਕਥਾਵਾਚਕ ਭਾਈ ਵਿਸ਼ਾਲ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਮੇਂ ਸਮੇਂ ਹਾਕਮਾਂ ਨੇ ਸਿੱਖਾਂ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਹਮਲੇ ਕਰਕੇ ਸਿੱਖ ਕੌਮ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਸੂਬਾ ਮੋਰਚੇ ਦੌਰਾਨ ਸਿੱਖਾਂ ਦੀ ਅਵਾਜ਼ ਨੂੰ ਦਬਾਉਣ ਲਈ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ 4 ਜੁਲਾਈ 1955 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕੀਤਾ, ਜੋ ਸਰਕਾਰ ਦੀ ਧੱਕੇਸ਼ਾਹੀ ਦਾ ਪ੍ਰਤੱਖ ਪ੍ਰਗਟਾਵਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਗਰੁਧਾਮਾਂ ਦੀ ਰਾਖੀ ਲਈ ਸ਼ਹਾਦਤਾਂ ਦੇਣ ਵਾਲੇ ਕੌਮੀ ਯੋਧਿਆਂ ਨੂੰ ਕੌਮ ਹਮੇਸ਼ਾ ਯਾਦ ਰੱਖਦੀ ਹੈ। ਇਸ ਦੌਰਾਨ ਸਜਾਏ ਗਏ ਧਾਰਮਿਕ ਦੀਵਾਨ ਸਮੇਂ ਢਾਡੀ ਜਥਿਆਂ ਨੇ ਵੀ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਚੀਫ਼ ਅਕਾਊਂਟੈਂਟ ਸ. ਮਿਲਖਾ ਸਿੰਘ, ਸੁਪ੍ਰਿੰਟੈਂਡੈਂਟ ਪ੍ਰਚਾਰ ਸ. ਮਲਕੀਤ ਸਿੰਘ ਬਹਿੜਵਾਲ, ਮੈਨੇਜਰ ਸ. ਜਗਤਾਰ ਸਿੰਘ, ਵਧੀਕ ਮੈਨੇਜਰ ਸ. ਬਿਕਰਮਜੀਤ ਸਿੰਘ ਝੰਗੀ, ਸ. ਯੁਵਰਾਜ ਸਿੰਘ, ਮੀਤ ਮੈਨੇਜਰ ਸ. ਲਾਲ ਸਿੰਘ, ਪ੍ਰਚਾਰਕ ਭਾਈ ਖਜਾਨ ਸਿੰਘ ਅਤੇ ਸੰਗਤਾਂ ਮੌਜੂਦ ਸਨ।

Leave a Reply

Your email address will not be published. Required fields are marked *