ਦਿੱਲੀ ਹਾਈ ਕੋਰਟ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕ ਸਭਾ ਤੋਂ ਬਰਖ਼ਾਸਤ ਕਰਨ ਵਾਲੀ ਪਟੀਸ਼ਨ ਖਾਰਜ
ਨਵੀਂ ਦਿੱਲੀ, 3 ਜੁਲਾਈ, ਬੋਲੇ ਪੰਜਾਬ ਬਿਊਰੋ :
ਦਿੱਲੀ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕ ਸਭਾ ਤੋਂ ਬਰਖ਼ਾਸਤ ਕਰਨ ਵਾਲੀ ਇਕ ਪਟੀਸ਼ਨ ਖਾਰਜ ਕਰ ਦਿੱਤੀ ਹੈ।ਨਾਲ ਹੀ ਕਿਹਾ ਕਿ ਇਸ ਵਿਚ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਕਾਰਜਕਾਰੀ ਚੀਫ਼ ਜਸਟਿਸ ਮਨਮੋਹਨ ਰਾਓ ਅਤੇ ਜਸਟਿਸ ਤੁਸ਼ਾਰ ਰਾਓ ਗੇਡੇਲਾ ਦੇ ਬੈਂਚ ਨੇ ਕਿਹਾ ਕਿ ਉਹ ਸਿੰਗਲ ਜੱਜ ਵੱਲੋਂ ਪਹਿਲਾਂ ਹੀ ਰੱਦ ਕੀਤੀ ਗਈ ਪਟੀਸ਼ਨ ਨਾਲ ਸਹਿਮਤ ਹਨ।
ਬੈਂਚ ਨੇ ਕਿਹਾ ਕਿ ਅਪੀਲਕਰਤਾ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ। ਉਨ੍ਹਾਂ ਸਬੰਧਤ ਥਾਣਾ ਮੁਖੀ, ਉਪ ਮੰਡਲ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਮੈਜੀਸਟ੍ਰੇਟ ਨੂੰ ਮੈਡੀਕਲ ਹੈਲਥ ਐਕਟ ਦੀਆਂ ਵਿਵਸਥਾਵਾਂ ਅਨੁਸਾਰ ਅਪੀਲਕਰਤਾ ‘ਤੇ ਨਜ਼ਰ ਰੱਖਣ ਲਈ ਹੁਕਮ ਦਿੱਤੇ ਹਨ।
ਕੈਪਟਨ ਦੀਪਕ ਕੁਮਾਰ ਵੱਲੋਂ ਦਾਇਰ ਪਟੀਸ਼ਨ ਵਿਚ ਦੋਸ਼ ਲਗਾਏ ਗਏ ਸਨ ਕਿ ਨਰਿੰਦਰ ਮੋਦੀ ਅਤੇ ਉਸਦੇ ਸਾਥੀਆਂ ਨੇ 2018 ਵਿਚ ਏਅਰ ਇੰਡੀਆ ਦੀ ਉਡਾਣ ਦੇ ਘਾਤਕ ਹਾਦਸੇ ਦੀ ਯੋਜਨਾ ਬਣਾ ਕੇ ਕੌਮੀ ਸੁਰੱਖਿਆ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਦਾਲਤ ਦੇ ਸਾਹਮਣੇ ਬਹਿਸ ਕਰਦੇ ਹੋਏ ਕੁਮਾਰ ਨੇ ਦੋਸ਼ ਲਗਾਇਆ ਕਿ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹਨ ਅਤੇ ਉਨ੍ਹਾਂ ਨੂੰ ਲੋਕ ਸਭਾ ਤੋਂ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ। ਕੋਰਟ ਵੱਲੋਂ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਹੈ।