ਪੂਰੇ ਪੰਜਾਬ ‘ਚ ਫੈਲਿਆ ਮਾਨਸੂਨ, ਇੱਕ ਹਫਤਾ ਪਵੇਗਾ ਮੀਂਹ
ਚੰਡੀਗੜ੍ਹ, 3 ਜੁਲਾਈ, ਬੋਲੇ ਪੰਜਾਬ ਬਿਊਰੋ :
ਮਾਨਸੂਨ ਪੂਰੇ ਪੰਜਾਬ ‘ਚ ਫੈਲ ਗਿਆ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏ.ਕੇ.ਸਿੰਘ ਅਨੁਸਾਰ ਹੁਣ ਪੰਜਾਬ ਵਿੱਚ ਅਗਲੇ ਸੱਤ ਦਿਨਾਂ ਤੱਕ ਰੁਕ-ਰੁਕ ਕੇ ਮਾਨਸੂਨ ਦੀ ਬਾਰਿਸ਼ ਹੋਵੇਗੀ।
ਬੁੱਧਵਾਰ ਨੂੰ ਭਾਰੀ ਮੀਂਹ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 35 ਤੋਂ 40 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 25 ਤੋਂ 28 ਡਿਗਰੀ ਦੇ ਵਿਚਕਾਰ ਰਹੇਗਾ।ਹੁੰਮਸ ਵਾਲੀ ਗਰਮੀ ਇਸੇ ਤਰ੍ਹਾਂ ਪ੍ਰੇਸ਼ਾਨ ਕਰਦੀ ਰਹੇਗੀ।
ਉਨ੍ਹਾਂ ਕਿਹਾ ਕਿ ਅਗਲੇ ਸੱਤ ਦਿਨਾਂ ਵਿੱਚ ਕਿਸੇ ਮਜ਼ਬੂਤ ਪੱਛਮੀ ਗੜਬੜੀ ਦੀ ਕੋਈ ਸੰਭਾਵਨਾ ਨਹੀਂ ਹੈ। ਦੂਜੇ ਪਾਸੇ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਸ ਕਾਰਨ ਇਹ ਹੁਣ ਆਮ ਨਾਲੋਂ 2.8 ਡਿਗਰੀ ਵੱਧ ਪਹੁੰਚ ਗਿਆ ਹੈ। ਫ਼ਿਰੋਜ਼ਪੁਰ ਵਿੱਚ ਸਭ ਤੋਂ ਵੱਧ ਪਾਰਾ 42.6 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 39.4 ਡਿਗਰੀ, ਲੁਧਿਆਣਾ ਦਾ 37.4, ਪਟਿਆਲਾ ਦਾ 37.2, ਪਠਾਨਕੋਟ ਦਾ 37.8, ਬਠਿੰਡਾ ਦਾ 41.7 ਅਤੇ ਜਲੰਧਰ ਦਾ 37.4 ਡਿਗਰੀ ਦਰਜ ਕੀਤਾ ਗਿਆ।
ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਪਰ ਇਹ ਅਜੇ ਵੀ ਆਮ ਨਾਲੋਂ 2.2 ਡਿਗਰੀ ਵੱਧ ਹੈ। ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਵਿੱਚ 24.4 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 28.0, ਲੁਧਿਆਣਾ ਦਾ 28.5, ਪਟਿਆਲਾ ਦਾ 30.2, ਪਠਾਨਕੋਟ ਦਾ 27.7, ਬਠਿੰਡਾ ਦਾ 29.9, ਬਰਨਾਲਾ ਦਾ 28.8 ਅਤੇ ਜਲੰਧਰ ਦਾ 29.1 ਡਿਗਰੀ ਦਰਜ ਕੀਤਾ ਗਿਆ।