ਭਾਰਤ-ਪਾਕਿਸਤਾਨ ਸਰਹੱਦੀ ਖੇਤਰ ‘ਚ ਗੋਲੀਬਾਰੀ, ਘੁਸਪੈਠੀਏ ਦੀ ਮੌਤ
ਫਾਜ਼ਿਲਕਾ, 2 ਜੁਲਾਈ, ਬੋਲੇ ਪੰਜਾਬ ਬਿਊਰੋ ;
ਫਾਜ਼ਿਲਕਾ ‘ਚ ਬੀਤੀ ਰਾਤ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ‘ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਇਕ ਪਾਕਿਸਤਾਨੀ ਘੁਸਪੈਠੀਆ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਾਕਿਸਤਾਨ ਤੋਂ ਆ ਰਹੇ ਇਕ ਪਾਕਿਸਤਾਨੀ ਨਾਗਰਿਕ ਨੇ ਸਾਦਕੀ ਨੇੜੇ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਘੁਸਪੈਠ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਸਰਹੱਦ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਉਸ ਨੂੰ ਚੌਕਸ ਕੀਤਾ ਅਤੇ ਰੁਕਣ ਦਾ ਇਸ਼ਾਰਾ ਕੀਤਾ। ਇਸ ਦੇ ਬਾਵਜੂਦ ਜਦੋਂ ਉਹ ਭਾਰਤ-ਪਾਕਿਸਤਾਨ ਸਰਹੱਦ ਵਿੱਚ ਦਾਖਲ ਹੋਣ ਲੱਗਾ ਤਾਂ ਬੀਐਸਐਫ ਦੇ ਜਵਾਨਾਂ ਨੇ ਗੋਲੀ ਚਲਾ ਦਿੱਤੀ, ਉਸ ਨੂੰ ਤਿੰਨ ਗੋਲੀਆਂ ਲੱਗੀਆਂ ਅਤੇ ਉਸ ਦੀ ਮੌਤ ਹੋ ਗਈ। ਇਹ ਕਾਰਵਾਈ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਬੀਐਸਐਫ ਦੀ 55ਵੀਂ ਬਟਾਲੀਅਨ ਵੱਲੋਂ ਕੀਤੀ ਗਈ ਹੈ।
ਮ੍ਰਿਤਕ ਪਾਕਿਸਤਾਨੀ ਨਾਗਰਿਕ ਕੋਲੋਂ ਕੁਝ ਸਿਗਰੇਟ ਅਤੇ ਹੋਰ ਸਾਮਾਨ ਮਿਲਿਆ ਹੈ। ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਡੀਐੱਸਪੀ ਸੁਬੇਗ ਸਿੰਘ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਸਰਹੱਦ ਦੀ ਸਾਦਕੀ ਚੌਕੀ ਨੇੜੇ ਘੁਸਪੈਠ ਦੌਰਾਨ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ ਹੈ। ਫ਼ਿਲਹਾਲ ਉਨ੍ਹਾਂ ਵੱਲੋਂ ਇਸ ਮਾਮਲੇ ਸਬੰਧੀ ਕਾਨੂੰਨ ਅਨੁਸਾਰ ਪੋਸਟਮਾਰਟਮ ਕਰਵਾ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।