ਬਰਸਾਤ ਨਾਲ ਜੁੜੇ ਹਾਦਸੇ ਰੋਕਣ ਲਈ ਐਮਰਜੈਂਸੀ ਹੁਕਮ ਜਾਰੀ
ਚੰਡੀਗੜ੍ਹ, 2 ਜੁਲਾਈ, ਬੋਲੇ ਪੰਜਾਬ ਬਿਊਰੋ :
ਮਾਨਸੂਨ ਦੇ ਮੌਸਮ ਅਤੇ ਭਾਰੀ ਮੀਂਹ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਜ਼ਿਲ੍ਹਾ ਮੈਜਿਸਟਰੇਟ ਵਿਨੈ ਪ੍ਰਤਾਪ ਸਿੰਘ, ਆਈ.ਏ.ਐਸ. ਨੇ ਝੀਲਾਂ, ਛੱਪੜਾਂ, ਨਾਲਿਆਂ ਅਤੇ ਚੋਆਂ ਵਰਗੇ ਜਲ ਸਰੋਤਾਂ ’ਚ ਮਨੁੱਖੀ ਅਤੇ ਪਾਲਤੂ ਜਾਨਵਰਾਂ ਦੇ ਦਾਖਲੇ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਮਾਨਸੂਨ ਦੀ ਸ਼ੁਰੂਆਤ ਨਾਲ ਜਲ ਸਰੋਤਾਂ ਦੇ ਪਾਣੀ ਦੇ ਪੱਧਰ ’ਚ ਇਕਦਮ ਵਾਧਾ ਹੋਣ ਦਾ ਖਤਰਾ ਹੁੰਦਾ ਹੈ। ਮੱਛੀ ਫੜਨ ਅਤੇ ਤੈਰਾਕੀ ਵਰਗੀਆਂ ਗਤੀਵਿਧੀਆਂ ਲਈ ਇਨ੍ਹਾਂ ਖੇਤਰਾਂ ’ਚ ਦਾਖਲ ਹੋਣ ਵਾਲੇ ਲੋਕਾਂ ਅਤੇ ਜਾਨਵਰਾਂ ਨੂੰ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਾਰੀ ਹੁਕਮਾਂ ਅਨੁਸਾਰ ਕੋਈ ਵੀ ਵਿਅਕਤੀ ਪਟਿਆਲਾ ਕੀ ਰਾਓ ਅਤੇ ਸੁਖਨਾ ਚੋਅ ਸਮੇਤ ਨਿਰਧਾਰਤ ਜਲ ਸਰੋਤਾਂ ਦੇ ਅੰਦਰ ਪਸ਼ੂਆਂ/ ਪਾਲਤੂ ਜਾਨਵਰਾਂ ਨੂੰ ਦਾਖਲ ਨਹੀਂ ਕਰੇਗਾ ਜਾਂ ਨਹੀਂ ਲੈ ਕੇ ਜਾਵੇਗਾ। ਹੁਕਮ ਸੀ.ਆਰ.ਪੀ.ਸੀ. ਦੀ ਧਾਰਾ 144 ਦੇ ਤਹਿਤ ਜਾਰੀ ਕੀਤਾ ਗਿਆ ਹੈ। ਉਲੰਘਣਾ ਦੇ ਨਤੀਜੇ ਵਜੋਂ ਭਾਰਤੀ ਦੰਡਾਵਲੀ ਦੀ ਧਾਰਾ 188 ਤਹਿਤ ਕਾਰਵਾਈ ਹੋ ਸਕਦੀ ਹੈ।
ਆਫ਼ਤ ਪ੍ਰਬੰਧਨ ਟੀਮ/ਪੁਲਿਸ, ਫੌਜ ਅਤੇ ਬਚਾਅ ਕਾਰਜਾਂ ’ਚ ਲੱਗੇ ਹੋਰ ਅਧਿਕਾਰਤ ਸਰਕਾਰੀ ਕਰਮਚਾਰੀਆਂ ਨੂੰ ਛੋਟ ਦਿਤੀ ਗਈ ਹੈ। ਇਹ ਹੁਕਮ 29 ਜੂਨ, 2024 ਤੋਂ 27 ਅਗੱਸਤ, 2024 ਤਕ ਲਾਗੂ ਰਹੇਗਾ।
ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਹਾਦਸਿਆਂ ਅਤੇ ਜਾਨਾਂ ਦੇ ਨੁਕਸਾਨ ਨੂੰ ਰੋਕਣ ਲਈ ਇਸ ਐਮਰਜੈਂਸੀ ਉਪਾਅ ਦੀ ਪਾਲਣਾ ਕਰਨ।