ਅਸਮਾਨੀ ਬਿਜਲੀ ਡਿੱਗਣ ਨਾਲ ਪੁਜਾਰੀ ਸਮੇਤ ਤਿੰਨ ਲੋਕਾਂ ਦੀ ਮੌਤ, ਕਈ ਜਖਮੀ
ਲਖਨਊ, 1 ਜੁਲਾਈ,ਬੋਲੇ ਪੰਜਾਬ ਬਿਊਰੋ :
ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲੇ ‘ਚ ਮੀਂਹ ਦੌਰਾਨ ਇਕ ਮੰਦਰ ‘ਚ ਅਸਮਾਨੀ ਬਿਜਲੀ ਡਿੱਗਣ ਨਾਲ ਇਕ ਪੁਜਾਰੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਗੰਭੀਰ ਰੂਪ ‘ਚ ਝੁਲਸ ਗਏ। ਸੰਤ ਕਬੀਰ ਨਗਰ ਜ਼ਿਲ੍ਹੇ ਵਿੱਚ ਵੀ ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਲੜਕੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ।
ਦੇਵਰੀਆ ਥਾਣਾ ਇੰਚਾਰਜ ਵੇਦ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਕਰੀਬ 1 ਵਜੇ ਤੇਜ਼ ਮੀਂਹ ਪੈ ਰਿਹਾ ਸੀ। ਨਗਰ ਕੋਤਵਾਲੀ ਖੇਤਰ ਦੇ ਗੋਪਾਲਪੁਰ ਪਿੰਡ ‘ਚ ਸਥਿਤ ਇਕ ਮੰਦਰ ‘ਚ ਕੁਝ ਲੋਕ ਮੀਂਹ ਤੋਂ ਬਚਾਅ ਲਈ ਸ਼ਰਨ ਲੈ ਰਹੇ ਸਨ, ਇਸੇ ਦੌਰਾਨ ਅਚਾਨਕ ਮੰਦਰ ‘ਤੇ ਬਿਜਲੀ ਡਿੱਗ ਗਈ। ਉਨ੍ਹਾਂ ਦੱਸਿਆ ਕਿ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਲਪੇਟ ‘ਚ ਆਉਣ ਨਾਲ ਮੰਦਰ ਦੇ ਪੁਜਾਰੀ ਰਾਧੇਸ਼ਿਆਮ ਗਿਰੀ (50) ਅਤੇ ਰਾਜਨਾਥ ਕੁਸ਼ਵਾਹਾ (40) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸ਼ਰਮਾ ਨੇ ਦੱਸਿਆ ਕਿ ਹਾਦਸੇ ਵਿੱਚ ਸੱਤ ਹੋਰ ਲੋਕ ਗੰਭੀਰ ਰੂਪ ਵਿੱਚ ਝੁਲਸ ਗਏ। ਉਨ੍ਹਾਂ ਦਾ ਮੈਡੀਕਲ ਕਾਲਜ ਵਿੱਚ ਇਲਾਜ ਚੱਲ ਰਿਹਾ ਹੈ।ਜ਼ਿਲ੍ਹਾ ਮੈਜਿਸਟਰੇਟ ਅਖੰਡ ਪ੍ਰਤਾਪ ਸਿੰਘ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਨੂੰ ਨਿਯਮਾਂ ਅਨੁਸਾਰ ਸਰਕਾਰੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਦੂਜੇ ਪਾਸੇ ਸੰਤ ਕਬੀਰ ਨਗਰ ਜ਼ਿਲ੍ਹੇ ਦੇ ਦੁਧਰਾ ਇਲਾਕੇ ਦੇ ਪਿੰਡ ਛੱਤਾ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ 17 ਸਾਲਾ ਲੜਕੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਲੜਕੀਆਂ ਜ਼ਖ਼ਮੀ ਹੋ ਗਈਆਂ। ਇਲਾਕਾ ਅਧਿਕਾਰੀ ਬ੍ਰਿਜੇਸ਼ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਸਾਈਮਾ ਵਜੋਂ ਹੋਈ ਹੈ।ਕੱਲ੍ਹ ਦੁਪਹਿਰ ਜਦੋਂ ਉਹ ਆਪਣੀਆਂ ਚਾਰ ਸਹੇਲੀਆਂ ਨਾਲ ਅੰਬਾਂ ਦੇ ਬਾਗ ‘ਚ ਗਈ ਸੀ ਤਾਂ ਅਸਮਾਨੀ ਬਿਜਲੀ ਡਿੱਗਣ ਕਾਰਨ ਸਾਇਮਾ ਦੀ ਮੌਤ ਹੋ ਗਈ, ਜਦਕਿ ਉਸ ਦੀਆਂ ਚਾਰ ਸਹੇਲੀਆਂ ਜ਼ਖਮੀ ਹੋ ਗਈਆਂ। ਉਨ੍ਹਾਂ ਦੱਸਿਆ ਕਿ ਜ਼ਖਮੀ ਲੜਕੀਆਂ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੋਂ ਦੋ ਨੂੰ ਕੁਝ ਸਮੇਂ ਬਾਅਦ ਛੁੱਟੀ ਦੇ ਦਿੱਤੀ ਗਈ, ਜਦਕਿ ਬਾਕੀ ਦੋ ਨੂੰ ਇਲਾਜ ਲਈ ਗੋਰਖਪੁਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।