ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਨਿਤਰੇ ਅਕਾਲੀ ਆਗੂਆਂ ਨੇ 2015 ਤੋ ਹੋਈਆਂ ਸਾਰੀਆਂ ਬੱਜਰ ਗਲਤੀਆਂ ਦਾ ਭਾਂਡਾ ਸੁਖਬੀਰ ਬਾਦਲ ਦੇ ਸਿਰ ਤੇ ਭੰਨਿਆ

ਚੰਡੀਗੜ੍ਹ ਪੰਜਾਬ

ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਨਿਤਰੇ ਅਕਾਲੀ ਆਗੂਆਂ ਨੇ 2015 ਤੋ ਹੋਈਆਂ ਸਾਰੀਆਂ ਬੱਜਰ ਗਲਤੀਆਂ ਦਾ ਭਾਂਡਾ ਸੁਖਬੀਰ ਬਾਦਲ ਦੇ ਸਿਰ ਤੇ ਭੰਨਿਆ

ਚੰਡੀਗੜ੍ਹ 1 ਜੁਲਾਈ ,ਬੋਲੇ ਪੰਜਾਬ ਬਿਊਰੋ ;

ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਨਿਤਰੇ ਅਕਾਲੀ ਆਗੂਆਂ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਆਪਣੇ ਵੱਲੋ ਇਕ ਮੁਆਫੀ ਪੱਤਰ ਵੀ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਮੁਆਫੀ ਪੱਤਰ ਪੇਸ਼ ਕਰਦਿਆਂ ਅਕਾਲੀ ਆਗੂਆਂ ਨੇ ਸਾਲ 2015 ਤੋ ਅੱਜ ਤਕ ਹੋਈਆਂ ਸਾਰੀਆਂ ਗਲਤੀਆਂ ਦਾ ਭਾਂਡਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੇ ਸਿਰ ਤੇ ਭੰਨਿਆ। ਪੱਤਰ ਵਿਚ ਕਿਹਾ ਕਿ ਸਲਾਬਤਪੁਰਾ ਵਿਖੇ 2007 ਵਿਚ ਸੱਚਾ ਸੌਦਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਦਸਵੇਂ ਪਾਤਿਸ਼ਾਹ ਸੀ ਗੁਰ ਗੋਬਿੰਦ ਸਿੰਘ ਜੀ ਵਲੋਂ ਅੰਮਿਤ ਛਕਾਉਣ ਦੀ ਨਕਲ ਕੀਤੀ। ਉਸੇ ਤਰ੍ਹਾਂ ਦੇ ਵਸਤਰ ਧਾਰਨ ਕਰਕੇ ਅੰਮ੍ਰਿਤ ਛਕਾਉਣ ਦਾ ਸਵਾਂਗ ਰਚਿਆ ਗਿਆ। ਇਸ ਵਿਰੁੱਧ ਉਸ ਸਮੇਂ ਪੁਲਿਸ ਕੇਸ ਵੀ ਦਰਜ ਹੋਇਆ। ਪਰ ਬਾਅਦ ਵਿਚ ਇਸ ਅਵੱਗਿਆ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਦੇ ਭਾਗੀ ਬਣਾਉਣ ਲਈ ਅਗਲੇਰੀ ਕਾਰਵਾਈ ਕਰਨ ਦੀ ਥਾਂ ੋਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਹ ਕੇਸ ਹੀ ਵਾਪਸ ਲੈ ਲਿਆ।ਪੱਤਰ ਵਿਚ ਅਗੇ ਕਿਹਾ ਕਿ ਉਪਰੋਕਤ ਘਟਨਾਕ੍ਰਮ ਨੂੰ ਮੁੱਖ ਰੱਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਬੰਧਤ ਡੇਰੇਦਾਰ ਨੂੰ ਸਿੱਖ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ ਅਤੇ ਸਿੱਖ ਪੰਥ ਨੂੰ ਉਸ ਨਾਲ ਕੋਈ ਵੀ ਸਰੋਕਾਰ ਨਾ ਰੱਖਣ ਦਾ ਬਾਕਾਇਦਾ ਹੁਕਮਨਾਮਾ ਵੀ ਜਾਰੀ ਕੀਤਾ ਗਿਆ ਸੀ। ਪਰ ਉਸ ਸਮੇਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ ੋਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਡੇਰੇਦਾਰ ਨੂੰ ਮੁਆਫ ਕਰਵਾ ਦਿੱਤਾ ਜਿਸ ਸੰਬੰਧੀ ਆਪ ਉਸ ਸਮੇਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੁਲਾ ਕੇ ਸਪੱਸ਼ਟੀਕਰਨ ਲੈ ਸਕਦੇ ਹੋ ਅਤੇ ਇਸ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਖ਼ਬਾਰਾਂ ਵਿਚ ਲਗਭਗ 90 ਲੱਖ ਰੁਪਏ ਖਰਚ ਕਰਕੇ ਇਸ਼ਤਿਹਾਰਬਾਜ਼ੀ ਵੀ ਕੀਤੀ ਗਈ। ਪਰ ਸਿੱਖ ਪੰਥ ਦੇ ਰੋਹ ਤੇ ਰੋਸ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਨੂੰ ਇਸ ਫ਼ੈਸਲੇ ਤੋਂ ਪਿੱਛੇ ਹਟਣਾ ਪਿਆ।
ਪਹਿਲੀ ਵਾਰ ਬਰਗਾੜੀ ਬੇਅਦਬੀ ਕਾਂਡ ਤੇ ਗਲ ਕਰਦਿਆਂ ਪੱਤਰ ਵਿਚ ਕਿਹਾ ਕਿ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ (ਫ਼ਰੀਦਕੋਟ) ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੁਝ ਅਨਸਰਾਂ ਵਲੋਂ ਚੋਰੀ ਕਰਕੇ ਇਸ ਦੇ 110 ਅੰਗਾਂ ਦੀ, 12 ਅਕਤੂਬਰ, 2015 ਨੂੰ ਬਰਗਾੜੀ (ਫ਼ਰੀਦਕੋਟ) ਦੇ ਗੁਰਦੁਆਰਾ ਸਾਹਿਬ ਨੇੜੇ ਜਮੀਨ ੋਤੇ ਸੁੱਟ ਕੇ ਬੇਦਅਬੀ ਕੀਤੀ ਗਈ, ਇਸ ਨਾਲ ਸਿੱਖ ਪੰਥ ਵਿਚ ਭਾਰੀ ਰੋਸ ਫੈਲ ਗਿਆ। ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਤੇ ਉਸ ਸਮੇਂ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਦੀ ਨਾ ਤਾਂ ਸਮੇਂ ਸਿਰ ਸਹੀ-ਸਹੀ ਜਾਂਚ ਕਰਵਾ ਸਕੇ ਅਤੇ ਨਾ ਹੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿਚ ਸਫਲ ਹੋਏ। ਇਸ ਨਾਲ ਪੰਜਾਬ ਦੇ ਹਾਲਾਤ ਵਿਗੜੇ ਅਤੇ ਕੋਟਕਪੂਰਾ ਅਤੇ ਬਹਿਬਲਕਲਾਂ ਵਿਚ ਦੁਖਦਾਈ ਕਾਂਡ ਵਾਪਰੇ। ਇਨ੍ਹਾਂ ਕਾਂਡਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਵਾਬਦੇਹ ਨਹੀਂ ਬਣਾ ਸਕੀ ਸੀ। ਪੱਤਰ ਵਿਚ ਅਗੇ ਕਿਹਾ ਕਿ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਕ ਹੋਰ ਵੱਡੀ ਗਲਤੀ ਕਰਦਿਆਂ ਸੁਮੇਧ ਸੈਣੀ ਨੂੰ ਪੰਜਾਬ ਦਾ ਪੁਲਿਸ ਮੁਖੀ ਲਾਇਆ, ਜੋ ਰਾਜ ਵਿਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਲਈ ਬਦਨਾਮ ਸੀ ਅਤੇ ਇਕ ਪੁਲਿਸ ਕਰਮੀ ਇਜ਼ਹਾਰ ਆਲਮ ਜਿਸ ਨੇ ਆਲਮ ਸੈਨਾ ਦਾ ਗਠਨ ਕੀਤਾ, ਉਸ ਦੀ ਪਤਨੀ ਨੂੰ ਟਿਕਟ ਦੇ ਕੇ ਥਾਪੜਾ ਦਿੱਤਾ ਅਤੇ ਚੀਫ ਪਾਰਲੀਮੈਨੀ ਸਕੱਤਰ ਬਣਾਇਆ। ਇਥੇ ਅਸੀਂ ਇਹ ਵੀ ਵਰਣਨ ਕਰਨਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ 2012 ਵਿਚ ਬਣੀ ਸਰਕਾਰ ਅਤੇ ਇਸ ਤੋਂ ਪਹਿਲੀਆਂ ਅਕਾਲੀ ਸਰਕਾਰਾਂ ਵੀ ਲੋਕਾਂ ਨਾਲ ਵਾਅਦੇ ਕਰਨ ਦੇ ਬਾਵਜੂਦ ਰਾਜ ਵਿਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਕਮਿਸ਼ਨ ਬਣਾ ਕੇ ਨਿਰਪੱਖ ਜਾਂਚ ਕਰਵਾਉਣ ਅਤੇ ਪੀੜਤਾਂ ਨੂੰ ਰਾਹਤ ਦੇਣ ਵਿਚ ਵੀ ਅਸਫ਼ਲ ਰਹੀਆਂ।ਪੱਤਰ ਵਿਚ ਅਗੇ ਕਿਹਾ ਕਿ ਆਪ ਭਲੀ-ਭਾਂਤ ਜਾਣੂ ਹੋ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਸਿਰਮੌਰ ਜਥੇਬੰਦੀ ਹੈ। ਇਸ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੌਮੀ ਰਾਜਨੀਤੀ ਅਤੇ ਪੰਜਾਬ ਦੀ ਰਾਜਨੀਤੀ ਵਿਚ ਅਹਿਮ ਰੋਲ ਅਦਾ ਕੀਤਾ ਹੈ। ਇਹ ਜਥੇਬੰਦੀ ਸਿੱਖ ਪੰਥ ਦੇ ਧਾਰਮਿਕ ਅਤੇ ਰਾਜਨੀਤਕ ਹਿੱਤਾਂ ਲਈ ਵੀ ਹਮੇਸ਼ਾ ਸਮਰਪਣ ਦੀ ਭਾਵਨਾ ਨਾਲ ਕੰਮ ਕਰਦੀ ਰਹੀ ਹੈ।ਮੁਆਫੀ ਪੱਤਰ ਦੇਣ ਤੋ ਬਾਅਦ ਇਨਾਂ ਅਕਾਲੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਹੋਈਆਂ ਭੁੱਲਾਂ ਦੀ ਅਰਦਾਸ ਵੀ ਕੀਤੀ। ਇਸ ਮੌਕੇ ਤੇ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਭਾਈ ਮਨਜੀਤ ਸਿੰਘ, ਗੁਰਪ੍ਰਤਾਪ ਸਿੰਘ ਵਡਾਲਾ, ਪਰਮਿੰਦਰ ਸਿੰਘ ਢੀਡਸਾ, ਸੁੱਚਾ ਸਿੰਘ ਛੋਟੇਪੁਰ, ਚਰਨਜੀਤ ਸਿੰਘ ਬਰਾੜ, ਸੁਖਵੰਤ ਸਿੰਘ, ਬੀਬੀ ਪਰਮਜੀਤ ਕੌਰ ਲਾਂਡਰਾ ਅਤੇ ਸੁਰਜੀਤ ਸਿੰਘ ਰਖੜਾ ਆਦਿ ਹਾਜਰ ਸਨ।

Leave a Reply

Your email address will not be published. Required fields are marked *