ਮਨਜੀਤ ਸਿੰਘ ਜੀ.ਕੇ. ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ’ਚ ਪ੍ਰਧਾਨ ਹੁੰਦਿਆਂ ਹੇਰਾਫੇਰੀ ਕਰਨ ਦੇ ਇਕ ਮਾਮਲੇ ’ਚ ਅਦਾਲਤ ਵਿਚ ਚਾਰਜਸ਼ੀਟ ਹੋਈ ਦਾਇਰ

ਚੰਡੀਗੜ੍ਹ ਨੈਸ਼ਨਲ ਪੰਜਾਬ

ਮਨਜੀਤ ਸਿੰਘ ਜੀ.ਕੇ. ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ’ਚ ਪ੍ਰਧਾਨ ਹੁੰਦਿਆਂ ਹੇਰਾਫੇਰੀ ਕਰਨ ਦੇ ਇਕ ਮਾਮਲੇ ’ਚ ਅਦਾਲਤ ਵਿਚ ਚਾਰਜਸ਼ੀਟ ਹੋਈ ਦਾਇਰ

ਆਉਂਦੇ ਦਿਨਾਂ ਵਿਚ ਹੋਰ ਮਾਮਲਿਆਂ ਵਿਚ ਵੀ ਜਲਦ ਚਾਰਜਸ਼ੀਟ ਦਾਇਰ ਹੋਵੇਗੀ

ਨਵੀਂ ਦਿੱਲੀ, 1 ਜੁਲਾਈ,ਬੋਲੇ ਪੰਜਾਬ ਬਿਊਰੋ :

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ.ਕੇ. ਵੱਲੋਂ ਪ੍ਰਧਾਨ ਹੁੰਦਿਆਂ ਕਮੇਟੀ ਦੇ ਫੰਡਾਂ ਵਿਚ ਕੀਤੀ ਗਈ 10 ਲੱਖ ਰੁਪਏ ਦੀ ਹੇਰਾਫੇਰੀ ਦੇ ਮਾਮਲੇ ਵਿਚ ਪੁਲਿਸ ਨੇ ਜਾਂਚ ਮੁਕੰਮਲ ਹੋਣ ਉਪਰੰਤ ਅਦਾਲਤ ਵਿਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ ਅਤੇ ਅਦਾਲਤ ਨੇ ਮੁਲਜ਼ਮ ਲਈ ਸੰਮਨ ਜਾਰੀ ਕਰ ਦਿੱਤੇ ਹਨ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਜਦੋਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਕਮੇਟੀ ਦੇ ਪ੍ਰਧਾਨ ਅਤੇ ਸਰਦਾਰ ਹਰਮੀਤ ਸਿੰਘ ਕਾਲਕਾ ਜਨਰਲ ਸਕੱਤਰ ਸਨ ਤਾਂ ਉਹਨਾਂ ਨੇ ਮਨਜੀਤ ਸਿੰਘ ਜੀ.ਕੇ. ਵੱਲੋਂ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਨੂੰ 10 ਲੱਖ ਰੁਪਏ ਦਾ ਨਗਦ ਕਰਜ਼ਾ ਵੋਚਰ ਦੇ ਆਧਾਰ ’ਤੇ ਦਿੱਤਾ ਹੋਣ ਦਾ ਖੁਲ੍ਹਾਸਾ ਹੋਣ ’ਤੇ ਇਸ ਮਾਮਲੇ ਦੀ ਸ਼ਿਕਾਇਤ ਦਿੱਲੀ ਪੁਲਿਸ ਨੂੰ ਦਿੱਤੀ ਸੀ। ਉਹਨਾਂ ਦੱਸਿਆ ਕਿ ਮਨਜੀਤ ਸਿੰਘ ਜੀ.ਕੇ. ਨੇ ਆਪਣੇ ਹਸਤਾਖ਼ਰ ਕਰ ਕੇ ਸੰਸਥਾ ਦੇ ਮੁਲਾਜ਼ਮ ਹਰਜੀਤ ਸਿੰਘ ਦੇ ਨਾਂ ’ਤੇ ਇਹ ਅਦਾਇਗੀ ਕੀਤੀ ਸੀ। ਉਹਨਾਂ ਦੱਸਿਆ ਕਿ ਜਦੋਂ ਸੰਸਥਾ ਦੇ ਡਾਇਰੈਕਟਰ ਨੂੰ ਚਿੱਠੀ ਲਿਖ ਕੇ ਪੁੱਛਿਆ ਗਿਆ ਕਿ ਤੁਹਾਡੇ ਕੋਲ ਇਹ ਰਾਸ਼ੀ ਆਈ ਹੈ ਤਾਂ ਉਹਨਾਂ ਸਪਸ਼ਟ ਖੰਡਨ ਕੀਤਾ ਤੇ ਕਿਹਾ ਕਿ ਉਹਨਾਂ ਕੋਲ ਅਜਿਹੀ ਕੋਈ ਰਾਸ਼ੀ ਨਹੀਂ ਆਈ। ਉਹਨਾਂ ਦੱਸਿਆ ਕਿ 19.8.2016 ਨੂੰ ਜਿਸ ਦਿਨ ਵੋਚਰ ਰਾਹੀਂ ਸੰਸਥਾ ਨੂੰ ਅਦਾਇਗੀ ਕਰਜ਼ੇ ਦੇ ਰੂਪ ਵਿਚ ਕੀਤੀ ਗਈ ਦਰਸਾਈ ਗਈ, ਉਸ ਦਿਨ ਸੰਸਥਾ ਦੇ ਬੈਂਕ ਖ਼ਾਤੇ ਵਿਚ 2 ਕਰੋੜ ਰੁਪਏ ਜਮ੍ਹਾਂ ਸਨ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਜਦੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਫਸਰ (ਆਈ ਓ) ਨੇ ਜਾਂਚ ਮੁਕੰਮਲ ਕੀਤੀ ਤਾਂ ਉਸਨੇ ਪਟਿਆਲਾ ਹਾਊਸ ਕੋਰਟ ਦੀ ਅਦਾਲਤ ਵਿਚ ਆਪਣੀ ਚਾਰਜਸ਼ੀਟ ਦਾਇਰ ਕਰ ਦਿੱਤੀ। ਉਹਨਾਂ ਦੱਸਿਆ ਕਿ ਹੁਣ ਅਦਾਲਤ ਨੇ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਕਿਹਾ ਹੈ ਕਿ ਮਾਮਲੇ ਵਿਚ ਧਾਰਾ 409, 420, 467, 468 ਅਤੇ 471 ਆਈ ਪੀ ਸੀ ਦੇ ਤਹਿਤ ਢੁਕਵੇਂ ਸਬੂਤ ਮੌਜੂਦ ਹਨ ਜਿਸਦੇ ਆਧਾਰ ’ਤੇ ਮੁਲਜ਼ਮ ਨੂੰ ਤਲਬ ਕੀਤਾ ਜਾ ਸਕੇ ਜਿਸ ਲਈ ਅਦਾਲਤ ਨੇ ਮਨਜੀਤ ਸਿੰਘ ਜੀ.ਕੇ. ਨੂੰ ਤਲਬ ਕਰਨ ਲਈ ਸੰਮਨ ਜਾਰੀ ਕੀਤੇ ਹਨ। ਉਹਨਾਂ ਇਹ ਵੀ ਕਿਹਾ ਕਿ ਹੋਰ ਵੀ 3-4 ਮਾਮਲੇ ਹਨ ਜਿਹਨਾਂ ਵਿਚ ਮਨਜੀਤ ਸਿੰਘ ਜੀ.ਕੇ. ਖਿਲਾਫ ਜਾਂਚ ਚਲ ਰਹੀ ਹੈ ਤੇ ਜਾਂਚ ਮੁਕੰਮਲ ਹੋਣ ’ਤੇ ਸਾਰੇ ਵੇਰਵੇ ਜਨਤਕ ਕੀਤੇ ਜਾਣਗੇ।
ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਨੇ ਬਜਾਏ ਆਪਣੀ ਗਲਤੀ ਮੰਨਣ ਦੇ ਉਹਨਾਂ ਖਿਲਾਫ ਦੋਸ਼ ਲਾਉਣ ਵਾਲਿਆਂ ਖਿਲਾਫ ਮਾਣਹਾਨੀ ਯਾਨੀ ਡੈਫਾਮੇਸ਼ਨ ਦੇ ਕੇਸ ਕੀਤੇ ਹਨ ਜੋ ਸਾਰੇ ਫੇਲ੍ਹ ਹੋਣਗੇ ਕਿਉਂਕਿ ਉਹ ਅਸਲ ਵਿਚ ਦੋਸ਼ੀ ਹਨ।

Leave a Reply

Your email address will not be published. Required fields are marked *