ਪੰਜਾਬ ਰਾਜ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਵੱਲੋਂ ਸਿਹਤ ਮੰਤਰੀ ਦੇ ਅੜੀਅਲ ਵਤੀਰੇੇ ਵਿਰੁੱਧ 7 ਜੁਲਾਈ ਨੂੰ ਰੋਸ ਰੈਲੀ ਦਾ ਐਲਾਨ
ਚੰਡੀਗੜ੍ਹ, 1 ਜੁਲਾਈ ,ਬੋਲੇ ਪੰਜਾਬ ਬਿਊਰੋ :
ਪੰਜਾਬ ਰਾਜ ਫਾਰਮੇਸੀ ਆਫੀਸਰਜ ਐਸੋਸ਼ੀਏਸ਼ਨ ਦੀ ਸੂਬਾ ਕਾਰਜਕਾਰਣੀ ਦੀ ਇੱਕ ਬਹੁਤ ਹੀ ਜਰੂਰੀ ਮੀਟਿੰਗ ਲੁਧਿਆਣਾ ਵਿਖੇ ਨਰਿੰਦਰ ਮੋਹਣ ਸ਼ਰਮਾ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਕਮੇਟੀ ਮੈਂਬਰਾਂ ਅਤੇ ਜ਼ਿਲਿਆਂ ਦੇ ਪ੍ਰਧਾਨ- ਸਕੱਤਰਾਂ ਵਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਸੁਨੀਲ ਦੱਤ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਵਿੱਚ ਸਾਰੇ ਹੀ ਮੈਂਬਰਾਂ ਵਲੋਂ ਸਿਹਤ ਮੰਤਰੀ ਦੇ ਫਾਰਮੇਸੀ ਆਫ਼ੀਸਰਜ਼ ਦੀ ਭਰਤੀ ਸਬੰਧੀ ਟਾਲਮਟੋਲ ਦੀ ਨੀਤੀ ਬਾਰੇ ਸਖ਼ਤ ਸ਼ਬਦਾ ਵਿਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕੇ ਫਾਰਮੇਸੀ ਆਫ਼ੀਸਰਜ਼ ਦੀਆਂ ਲੱਗ-ਭੱਗ 650 ਤੋਂ ਵੱਧ ਪੋਸਟਾਂ ਖਾਲੀ ਹਨ ਅਤੇ ਕੰਮ ਦਾ ਬੋਝ ਬਹੁਤ ਵੱਧ ਗਿਆ ਹੈ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਦਵਾਈਆਂ ਦੀ ਗਿਣਤੀ ਬਹੁਤ ਵਧਾ ਦਿੱਤੀ ਗਈ ਹੈ। ਦੂਸਰੇ ਪਾਸੇ ਸਰਕਾਰ ਸਾਰਾ ਕੰਮ ਆਨ ਲਾਈਨ ਕਰਨ ਵੱਲ ਵਧ ਰਹੀ ਹੈ ਪ੍ਰੰਤੂ ਰਜਿਸਟਰ ਵਰਕ ਖਤਮ ਨਹੀਂ ਕਰ ਰਹੀ। ਜਥੇਬੰਦੀ ਮੰਗ ਕਰਦੀ ਹੈ ਕਿ ਬਿਨਾ ਕਿਸੇ ਦੇਰੀ ਤੋਂ ਤਰੁੰਤ ਖਾਲੀ ਪੋਸਟਾਂ ਭਰੀਆਂ ਜਾਣ, ਰਜਿਸਟਰ ਵਰਕ ਖਤਮ ਕੀਤਾ ਜਾਵੇ ਅਤੇ 23 ਫਰਵਰੀ ਨੂੰ ਪ੍ਰਮੁੱਖ ਸਕੱਤਰ ਸਿਹਤ ਵੱਲੋਂ ਕੰਮ ਅਤੇ ਦਵਾਈਆਂ ਦੀ ਗਿਣਤੀ ਦੇ ਵਾਧੇ ਨੂੰ ਮੁੱਖ ਰੱਖਦੇ ਹੋਏ ਪੋਸਟਾਂ ਵਿੱਚ ਵਾਧਾ ਕਰਨ ਸਬੰਧੀ ਫੈਸਲੇ ਨੂੰ ਅਮਲੀ ਰੂਪ ਦਿੱਤਾ ਜਾਵੇ।ਮੀਟਿੰਗ ਵਿੱਚ ਫਾਰਮੇਸੀ ਕੌਂਸਲ ਦੀਆਂ ਹੋਣ ਜਾ ਰਹੀਆਂ ਚੋਣਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ।ਸੂਬਾ ਪ੍ਰਧਾਨ ਵਲੋਂ ਪਿਛਲੇ ਸਮੇਂ ਦੌਰਾਨ ਸਿਹਤ ਡਾਇਰੈਕਟਰ, ਸਿਹਤ ਸਕੱਤਰ, ਸਿਹਤ ਮੰਤਰੀ ਨਾਲ ਹੋਈਆਂ ਮੀਟਿੰਗਾਂ ਸਬੰਧੀ ਵੀ ਰਿਪੋਰਟਿੰਗ ਕੀਤੀ ਗਈ। ਉਹਨਾਂ ਦੱਸਿਆ ਕਿ ਸਿਹਤ ਡਾਇਰੈਕਟਰ ਅਤੇ ਪ੍ਰਮੁੱਖ ਸਕੱਤਰ ਦੀ ਮੰਗਾਂ ਸਬੰਧੀ ਪਹੁੰਚ ਹਾਂ ਪੱਖੀ ਸੀ ਪ੍ਰੰਤੂ ਸਿਹਤ ਮੰਤਰੀ ਦਾ ਰਵੱਈਆਂ ਹੈਂਕੜ ਭਰਪੂਰ ਅਤੇ ਫਾਰਮੇਸੀ ਕੇਡਰ ਦੇ ਵਿਰੁੱਧ ਸੀ। ਸਿਹਤ ਮੰਤਰੀ ਦੇ ਅੜੀਅਲ ਵਤੀਰੇ ਕਾਰਣ ਪੰਜਾਬ ਸਰਕਾਰ ਨੂੰ ਸਬਕ ਸਿਖਾਉਣ ਲਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜਿਮਨੀ ਚੋਣ ਮੌਕੇ ਮਿਤੀ 7 ਜੁਲਾਈ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਪੰਜਾਬ ਰਾਜ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਵੱਲੋਂ ਸੂਬਾ ਜਨਰਲ ਕੌਂਸਿਲ ਦਾ ਧਰਨਾ ਦਿੱਤਾ ਜਾਵੇਗਾ।ਇਸ ਉਪਰੰਤ ਜਲਦ ਹੀ ਮੀਟਿੰਗ ਕਰਕੇ ਸਿਹਤ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਵੀ ਵਿਸ਼ਾਲ ਸੂਬਾ ਪੱਧਰੀ ਰੈਲ਼ੀ ਕਰਕੇ ਸਿਹਤ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਅਤੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਮੀਟਿੰਗ ਵਿੱਚ ਮੀਨਾਕਸ਼ੀ ਧੀਰ, ਗੁਰਦੀਪ ਸਿੰਘ, ਬਲਰਾਜ ਸਿੰਘ, ਕਰਮਜੀਤ ਸਿੰਘ, ਸੁਖਦੀਪ ਸ਼ਰਮਾ, ਰਾਜ ਕੁਮਾਰ ਕੁੱਕੜ, ਜਤਿੰਦਰ ਕੌਰ, ਕੁਲਦੀਪ ਸਿੰਘ, ਇੰਦਰਜੀਤ ਵਿਰਦੀ, ਭੁਪਿੰਦਰ ਸਿੰਘ, ਸ਼ੁਭ ਸ਼ਰਮਾ, ਅਸ਼ੋਕ ਕੁਮਾਰ, ਸੰਦੀਪ ਸਿੰਘ, ਯੋਗੇਸ਼ ਸ਼ਰਮਾ, ਹਰਪ੍ਰੀਤ ਸਿੰਘ, ਪਲਵਿੰਦਰ ਸਿੰਘ, ਕਰਮਜੀਤ ਸਿੰਘ, ਪ੍ਰਿੰਸ ਪਾਲ, ਪਰਮਜੋਤ ਸਿੰਘ, ਸ਼ਰਨਜੀਤ ਬਾਵਾ, ਰਜਿੰਦਰ ਅਰੋੜਾ, ਜਸਵਿੰਦਰ ਪੁਰੀ, ਪਲਵਿੰਦਰ ਸਿੰਘ, ਨਵਕਿਰਨ ਸਿੰਘ ਆਦਿ ਆਗੂ ਵੀ ਹਾਜ਼ਿਰ ਸਨ