ਲੁਧਿਆਣਾ ‘ਚ ਨਾਮੀ ਪੱਤਰਕਾਰ ਦੇ ਕਤਲ ਮਾਮਲੇ ‘ਚ ਭਗੌੜੇ ਕਾਤਲ ਕਾਬੂ
ਲੁਧਿਆਣਾ 28 ਜੂਨ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਦੇ ਸੀਪੀ ਕੁਲਦੀਪ ਸਿੰਘ ਚਾਹਲ ਦੀਆਂ ਹਦਾਇਤਾਂ ‘ਤੇ ਸੀ.ਆਈ.ਏ ਸਟਾਫ ਵਨ ਦੀ ਪੁਲਿਸ ਪਾਰਟੀ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ। ਸੀ.ਆਈ.ਏ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਨਾਮੀ ਪੱਤਰਕਾਰ ਦੇ ਕਤਲ ਮਾਮਲੇ ‘ਚ ਭਗੌੜੇ ਕਾਤਲ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹੇਮੰਤ ਵਾਸੀ ਮੇਹਰ ਜ਼ਿਲ੍ਹਾ ਮੱਧ ਪ੍ਰਦੇਸ਼ ਵਜੋਂ ਹੋਈ ਹੈ।
ਮੁਲਜ਼ਮ 10 ਦਿਨਾਂ ਤੋਂ ਲੁਧਿਆਣਾ ਵਿੱਚ ਲੁਕਿਆ ਹੋਇਆ ਸੀ। ਮੁਲਜ਼ਮਾਂ ਸਬੰਧੀ ਜਾਣਕਾਰੀ ਦਿੰਦਿਆਂ ਸੀਆਈਏ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਹੇਮੰਤ ਨੇ ਆਪਣੀ ਪ੍ਰੇਮਿਕਾ ਸਾਕਸ਼ੀ ਗਰੋਵਰ ਪਤਨੀ ਮੋਹਿਤ ਵਾਸੀ ਸਾਂਸਦ ਨਾਲ ਮਿਲ ਕੇ ਮਹਾਰਾਸ਼ਟਰ ਦੇ ਨਾਗਪੁਰ ਦੇ ਰਹਿਣ ਵਾਲੇ ਮਸ਼ਹੂਰ ਪੱਤਰਕਾਰ ਵਿਨੈ ਪੁਣੇਕਰ ਦੀ ਬੇਰਹਿਮੀ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਿਸ ਕਾਰਨ ਦੋਸ਼ੀ ਅਤੇ ਉਸਦੀ ਪ੍ਰੇਮਿਕਾ ਖਿਲਾਫ ਮਹਾਰਾਸ਼ਟਰ ‘ਚ ਮੁਕੱਦਮਾ ਨੰਬਰ 95/2024 ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਦਰਜ ਹਨ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ ਸੀ।