ਬਾਗੀ ਅਕਾਲੀ ਲੱਭ ਰਹੇ ਹਨ ਸਾਫ ਸੁਥਰਾ ਪੰਥਕ ਚਿਹਰਾ
ਅੰਮ੍ਰਿਤਸਰ 29 ਜੂਨ ,ਬੋਲੇ ਪੰਜਾਬ ਬਿਊਰੋ :
ਪੰਥਕ ਹਲਕਿਆਂ ਵਿਚ ਇਹ ਚਰਚਾ ਬਹੁਤ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋ ਟੁੱਟ ਕੇ ਬਾਗੀ ਹੋਏ ਅਕਾਲੀ ਆਪਣੀ ਹੋਂਦ ਨੂੰ ਬਚਾਉਣ ਲਈ ਕਿਸੇ ਸਾਫ ਸੁਥਰੇ ਪੰਥਕ ਚਿਹਰੇ ਦੀ ਭਾਲ ਵਿਚ ਹਨ। ਇਸ ਲਈ ਬਾਗੀ ਅਕਾਲੀਆਂ ਨੇ ਕਈ ਨਾਵਾਂ ਤੇ ਵਿਚਾਰ ਕੀਤੀ ਪਰ ਹਾਲ਼ੇ ਤਕ ਕੋਈ ਵੀ ਨਾਮ ਪੱਕਾ ਨਹੀਂ ਕੀਤਾ। ਬਾਗੀ ਅਕਾਲੀ 1 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਆ ਕੇ ਬੀਤੇ ਵਿਚ ਹੋਈਆਂ ਭੁਲਾ ਦੀ ਖਿਮਾ ਯਾਚਨਾ ਲਈ ਪੱਤਰ ਦੇਣ ਆ ਰਹੇ ਹਨ। ਜਾਣਕਾਰੀ ਮੁਤਾਬਿਕ ਬਾਗੀ ਅਕਾਲੀ ਇਕ ਅਜਿਹੇ ਚਿਹਰੇ ਦੀ ਭਾਲ ਵਿਚ ਹਨ ਜੋ ਰਾਜਨੀਤਕ ਦੇ ਨਾਲ ਨਾਲ ਧਾਰਮਿਕ ਵੀ ਹੋਵੇ। ਇਸ ਲਈ ਬਾਗੀ ਅਕਾਲੀਆਂ ਨੇ ਆਪਣੇ ਤੌਰ ਤੇ ਪਹਿਲੀ ਪਸੰਦ ਵਜੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਚੋਣ ਕੀਤੀ। ਜਥੇਦਾਰ ਦੇ ਨਾਲ ਨਾਲ ਧਾਰਮਿਕ ਸਖਸ਼ੀਅਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ, ਬੀਬੀ ਪਰਮਜੀਤ ਕੌਰ ਖਾਲੜਾ, ਸ ਗੁਰਪ੍ਰਤਾਪ ਸਿੰਘ ਵਡਾਲਾ ਦੇ ਨਾਲ ਨਾਲ ਸ ਮਨਪ੍ਰੀਤ ਸਿੰਘ ਇਆਲੀ ਦੇ ਨਾਮ ਬਾਰੇ ਵੀ ਚਰਚਾ ਚਲ ਰਹੀ ਹੈ। ਪੰਥ ਦਰਦੀ ਮਹਿਸੂਸ ਕਰਦੇ ਹਨ ਕਿ ਜਦ ਮੁੱਖ ਸੇਵਾਦਾਰ ਲਈ ਕੋਈ ਚਿਹਰਾ ਹੀ ਨਹੀਂ ਹੈ ਤਾਂ ਪਾਰਟੀ ਕਿਵੇਂ ਚਲੇਗੀ। ਜਿਥੋਂ ਤਕ ਗਿਆਨੀ ਹਰਪ੍ਰੀਤ ਸਿੰਘ ਦਾ ਸਬੰਧ ਹੈ ਤਾਂ ਉਹ ਹਮੇਸ਼ਾ ਪੰਥਕ ਏਕਤਾ ਦੇ ਹਾਮੀ ਰਹੇ ਹਨ ਉਹ ਕਿਉਂ ਕਿਸੇ ਇਕ ਧੜੇ ਦੀ ਅਗਵਾਈ ਕਰਨਗੇ। ਗਿਆਨੀ ਹਰਪ੍ਰੀਤ ਸਿੰਘ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਦੇ ਕਾਰਜਕਾਲ ਵਿੱਚ ਪਹਿਲੀ ਵਾਰ ਹੋ ਰਿਹਾ ਸੀ ਕਿ ਸਾਰੇ ਹੀ ਅਕਾਲੀ ਧੜੇ ਗਿਆਨੀ ਹਰਪ੍ਰੀਤ ਸਿੰਘ ਕੋਲੋ ਮਾਰਗਦਰਸ਼ਨ ਲੈਣ ਲਈ ਆਉਂਦੇ ਰਹੇ। ਅੱਜ ਵੀ ਉਹਨਾਂ ਦੇ ਜਥੇਦਾਰੀ ਦੇ ਦੌਰ ਨੂੰ ਸੁਨਹਿਰੀ ਦੌਰ ਮੰਨਿਆ ਜਾਂਦਾ ਹੈ। ਨਿਧੜਕ ਹੋ ਕੇ ਫੈਸਲੇ ਲੈਣ ਦੀ ਕਲਾ ਦੇ ਕਾਰਨ ਹੀ ਬਾਗੀ ਅਕਾਲੀ ਉਹਨਾਂ ਨੂੰ ਆਪਣਾ ਆਗੂ ਮੰਨਣ ਲਈ ਉਤਾਵਲੇ ਹੋਏ ਹਨ। ਜਿਥੋਂ ਤੱਕ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆ ਦਾ ਸਬੰਧ ਹੈ ਉਹ ਰਾਜਨੀਤੀ ਤੋਂ ਹਮੇਸ਼ਾ ਦੂਰ ਰਹੇ ਹਨ। ਬੀਬੀ ਪਰਮਜੀਤ ਕੌਰ ਖਾਲੜਾ ਵੀ ਕਦੀ ਵੀ ਬਾਗੀ ਅਕਾਲੀਆਂ ਦੇ ਨਾਲ ਨਹੀਂ ਤੁਰ ਸਕਦੇ। ਪੰਥਕ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਸਾਲ 2015 ਤੋਂ ਜਦ ਤੋਂ ਅਕਾਲੀ ਦਲ ਵਿਚ ਨਿਘਾਰ ਆਇਆ ਹੈ ਤੋਂ 2024 ਤਕ 2 ਵਿਧਾਨ ਸਭਾ ਤੇ 2 ਹੀ ਲੋਕ ਸਭਾ ਦੀਆਂ ਆਮ ਚੋਣਾਂ ਹੋਈਆਂ ਹਨ ਕਿਸੇ ਵੀ ਬਾਗੀ ਅਕਾਲੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਆ ਕੇ ਭੁਲ ਨਹੀਂ ਬਖਸ਼ਾਈ ਫਿਰ ਅਚਾਨਕ ਪੂਰੇ ਇਕ ਧੜੇ ਨੂੰ ਇਹ ਭੁੱਲ ਬਖਸ਼ਾਉਣ ਦਾ ਚੇਤਾ ਕਿਵੇਂ ਆ ਗਿਆ। ਪੰਥਕ ਹਲਕਿਆਂ ਵਿਚ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਬਾਗੀ ਅਕਾਲੀਆਂ ਵਿਚੋਂ ਜਿਆਦਾ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਹਰ ਫੈਸਲੇ ਤੇ ਫੁਲ ਚੜਾਉਂਦੇ ਸਨ ਅੱਜ ਇਹ ਅਚਾਨਕ ਕਿਉਂ?