ਗੁਰਦਾਸਪੁਰ : 2 ਮਹੀਨਿਆਂ ਦੀ ਛੁੱਟੀ ‘ਤੇ ਆਏ ਫੌਜੀ ਨੌਜਵਾਨ ਦੀ ਲਾਸ਼ ਨਹਿਰ ‘ਚੋਂ ਮਿਲੀ
ਬਟਾਲਾ 29 ਜੂਨ ,ਬੋਲੇ ਪੰਜਾਬ ਬਿਊਰੋ :
ਗੁਰਦਾਸਪੁਰ ਜਿਲ੍ਹੇ ਦੇ ਪਿੰਡ ਮੰਗੀਆਂ ਦੇ 24 ਸਾਲਾ ਫ਼ੌਜੀ ਨੌਜਵਾਨ ਗੁਰਪ੍ਰੀਤ ਸਿੰਘ ਦੀ ਲਾਸ਼ ਬੀਤੀ ਦੇਰ ਸ਼ਾਮ ਪਿੰਡ ਸ਼ਾਹਪੁਰ ਜਾਜਨ ਦੀ ਨਹਿਰ ਵਿੱਚੋਂ ਮਿਲੀ। ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਕਰੀਬ 5 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਲਖਨਊ ਵਿੱਚ 11 ਸਿੱਖ ਰੈਜੀਮੈਂਟ ਵਿੱਚ ਸਿਪਾਹੀ ਵਜੋਂ ਕੰਮ ਕਰਦਾ ਸੀ। ਉਹ ਦੋ ਮਹੀਨੇ ਪਹਿਲਾਂ ਛੁੱਟੀ ‘ਤੇ ਘਰ ਆਇਆ ਸੀ। ਉਸ ਨੇ 29 ਜੂਨ ਨੂੰ ਆਪਣੀ ਯੂਨਿਟ ਵਿੱਚ ਰਿਪੋਰਟ ਕਰਨੀ ਸੀ। ਉਸ ਨੇ ਦੱਸਿਆ ਕਿ ਬੀਤੀ 26 ਜੂਨ ਨੂੰ ਉਹ ਆਪਣੇ ਪਿੰਡ ਦੇ ਇੱਕ ਨੌਜਵਾਨ ਨਾਲ ਕਿਸੇ ਕੰਮ ਲਈ ਬਾਹਰ ਗਿਆ ਸੀ ਪਰ 26 ਜੂਨ ਦੀ ਸ਼ਾਮ ਤੱਕ ਉਹ ਘਰ ਨਹੀਂ ਪਰਤਿਆ।ਉਨ੍ਹਾਂ ਚੌਕੀ ਧਰਮਕੋਟ ਰੰਧਾਵਾ ਵਿਖੇ ਗੁਰਪ੍ਰੀਤ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ। ਉਸ ਨੇ ਦੱਸਿਆ ਕਿ ਉਹ ਪਿੰਡ ਦੇ ਲੋਕਾਂ ਦੀ ਮਦਦ ਨਾਲ ਸ਼ਾਹਪੁਰ ਜਾਜਨ ਵਿੱਚ ਗੁਰਪ੍ਰੀਤ ਦੀ ਭਾਲ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਗੁਰਪ੍ਰੀਤ ਦੀ ਲਾਸ਼ ਸੁਕੀ ਡਰੇਨ ਵਿੱਚੋਂ ਮਿਲੀ।