5 ਕਰੋੜ 35 ਲੱਖ ਰੁਪਏ ਦੀ ਕੀਮਤ ਦੇ 24 ਲੱਖ 10 ਹਜ਼ਾਰ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਸਮੇਤ ਵਿਅਕਤੀ ਕਾਬੂ
ਬਠਿੰਡਾ, 28 ਜੂਨ, ਬੋਲੇ ਪੰਜਾਬ ਬਿਊਰੋ :
ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਜਿਸ ਦੇ ਚੱਲਦਿਆਂ ਇਕ ਗੋਦਾਮ ‘ਤੇ ਛਾਪਾ ਮਾਰ ਕੇ 5 ਕਰੋੜ 35 ਲੱਖ ਰੁਪਏ ਦੀ ਕੀਮਤ ਦੇ 24 ਲੱਖ 10 ਹਜ਼ਾਰ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ।
ਇਸ ਤੋਂ ਇਲਾਵਾ 30 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਭਾਰੀ ਮਾਤਰਾ ‘ਚ ਬਰਾਮਦ ਕੀਤੀਆਂ ਨਸ਼ੀਲੀਆਂ ਗੋਲੀਆਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਉਕਤ ਵਿਅਕਤੀ ਖਿਲਾਫ ਥਾਣਾ ਤਲਵੰਡੀ ਸਾਬੋ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਐਸਐਸਪੀ ਦੀਪਕ ਪਾਰਿਕ ਨੇ ਦੱਸਿਆ ਕਿ 20 ਜੂਨ ਨੂੰ ਥਾਣਾ ਤਲਵੰਡੀ ਸਾਬੋ ਦੀ ਪੁਲੀਸ ਨੇ ਮੁਲਜ਼ਮ ਜਸਵਿੰਦਰ ਸਿੰਘ, ਇੰਦਰਪ੍ਰੀਤ ਸਿੰਘ ਵਾਸੀ ਤਲਵੰਡੀ ਸਾਬੋ ਨੂੰ 37 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ’ਤੇ ਉਨ੍ਹਾਂ ਖੁਲਾਸਾ ਕੀਤਾ ਕਿ ਉਹ ਉਕਤ ਨਸ਼ੀਲੀਆਂ ਗੋਲੀਆਂ ਤਰਸੇਮ ਚੰਦ ਉਰਫ ਢਿੱਪਈ ਵਾਸੀ ਬੋਹੜਵਾਲਾ ਚੌਕ ਮੌੜ ਮੰਡੀ ਤੋਂ ਲਿਆਏ ਸਨ, ਜੋ ਕਿ ਬਠਿੰਡਾ ਜ਼ਿਲ੍ਹੇ ’ਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਸਪਲਾਈ ਕਰਨ ਦਾ ਧੰਦਾ ਕਰਦਾ ਹੈ।
ਪੁਲਿਸ ਨੇ ਇਸ ਮਾਮਲੇ ‘ਚ ਆਰੋਪੀ ਤਰਸੇਮ ਚੰਦ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ। ਇਸ ਦੀ ਨਿਸ਼ਾਨਦੇਹੀ ‘ਤੇ ਉਸ ਦੇ ਗੋਦਾਮ ‘ਚ ਰੇਡ ਕਰਕੇ 20 ਲੱਖ 42 ਹਜ਼ਾਰ 470 ਨਸ਼ੀਲੇ ਕੈਪਸੂਲ, 3 ਲੱਖ 68 ਹਜ਼ਾਰ 250 ਨਸ਼ੀਲੀਆਂ ਗੋਲੀਆਂ, 3580 ਕਿੱਟਾਂ ਬਰਾਮਦ ਕੀਤੀਆਂ ਹਨ। ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਦੀ ਬਾਜ਼ਾਰੀ ਕੀਮਤ 5 ਕਰੋੜ 35 ਲੱਖ ਰੁਪਏ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ 30 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ।