ਪਹਿਲੀ ਭਾਰੀ ਬਾਰਿਸ਼ ਨਾਲ ਦਿੱਲੀ ਹੋਈ ਜਲ ਥਲ ਕਈ ਵਾਹਨ ਪਾਣੀ ‘ਚ ਫਸੇ
Traffic system collapsed due to waterlogging caused by rain
ਨਵੀਂ ਦਿੱਲੀ, 28 ਜੂਨ ,ਬੋਲੇ ਪੰਜਾਬ ਬਿਊਰੋ :
ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਰਾਤ ਤੋਂ ਪੈ ਰਿਹਾ ਮੀਂਹ ਅੱਜ ਸਵੇਰੇ ਹਜ਼ਾਰਾਂ ਕੰਮਕਾਜੀ ਲੋਕਾਂ ਲਈ ਮੁਸੀਬਤ ਬਣ ਗਿਆ। ਵੱਖ-ਵੱਖ ਇਲਾਕਿਆਂ ‘ਚ ਪਾਣੀ ਭਰ ਜਾਣ ਕਾਰਨ ਆਵਾਜਾਈ ਵਿਵਸਥਾ ਇਕ ਵਾਰ ਫਿਰ ਠੱਪ ਹੋ ਗਈ। ਇਸ ਦੇ ਨਾਲ ਹੀ ਦਿੱਲੀ ਨਗਰ ਨਿਗਮ ਅਤੇ ਦਿੱਲੀ ਸਰਕਾਰ ਦੇ ਸਾਰੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਹਾਲਾਂਕਿ ਭਾਰੀ ਮੀਂਹ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਕੁਝ ਰਾਹਤ ਜ਼ਰੂਰ ਦਿੱਤੀ ਹੈ ।ਇਸ ਬਰਸਾਤ ਵਿੱਚ ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਨੂੰ ਪਾਣੀ ਭਰ ਜਾਣ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਰਸਤੇ ਵਿੱਚ ਹੀ ਦੋਪਹੀਆ ਵਾਹਨ ਰੁਕ ਗਏ। ਆਈਟੀਓ ’ਚ ਤਾਂ ਪਾਣੀ ਕਮਰ ਤੱਕ ਭਰਿਆ ਹੋਇਆ ਹੈ। ਡੀਟੀਸੀ ਬੱਸਾਂ ਦੀ ਲੰਬੀ ਕਤਾਰ ਲੱਗੀ ਹੋਈ ਹੈ। ਨਜਫਗੜ੍ਹ, ਦਵਾਰਕਾ, ਤਿਲਕ ਨਗਰ ਅਤੇ ਰਾਜੌਰੀ ਗਾਰਡਨ ਵਿੱਚ ਭਾਰੀ ਪਾਣੀ ਭਰਿਆ ਹੋਇਆ ਹੈ।
ਨਵੀਂ ਦਿੱਲੀ ਦੀ ਮਿੰਟੋ ਰੋਡ ‘ਤੇ ਵੀ ਪਾਣੀ ਭਰ ਗਿਆ ਹੈ। ਇਸ ਕਾਰਨ ਮਿੰਟੋ ਰੋਡ ਵੱਲ ਜਾਣ ਵਾਲੇ ਸਾਰੇ ਵਾਹਨਾਂ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਓਖਲਾ, ਜਾਮੀਆ ਨਗਰ, ਸੰਗਮ ਵਿਹਾਰ, ਖਾਨਪੁਰ, ਪੁਲ ਪ੍ਰਹਲਾਦਪੁਰ, ਸਰਿਤਾ ਵਿਹਾਰ ਆਦਿ ਖੇਤਰਾਂ ਵਿੱਚ ਪਾਣੀ ਭਰ ਜਾਣ ਕਾਰਨ ਸਥਿਤੀ ਖਰਾਬ ਹੈ। ਯਮੁਨਾ ਪਾਰ ਪੂਰਬੀ ਦਿੱਲੀ ਦੇ ਖੇਤਰਾਂ ਵਿੱਚ ਭਾਰੀ ਮੀਂਹ ਕਾਰਨ ਸੀਲਮਪੁਰ ਮੈਟਰੋ ਸਟੇਸ਼ਨ ਦੇ ਆਲੇ-ਦੁਆਲੇ ਪਾਣੀ ਭਰ ਗਿਆ ਹੈ। ਜ਼ਖੀਰਾ ਅੰਡਰਪਾਸ ਦੇ ਹੇਠਾਂ ਬੱਸਾਂ ਰੁਕੀਆਂ ਹੋਈਆਂ ਹਨ। ਪੰਪ ਰਾਹੀਂ ਪਾਣੀ ਕੱਢਿਆ ਜਾ ਰਿਹਾ ਹੈ। ਲਾਲ ਕਿਲ੍ਹੇ ਦੇ ਆਲੇ-ਦੁਆਲੇ ਦੀਆਂ ਮੁੱਖ ਸੜਕਾਂ ‘ਤੇ ਪਾਣੀ ਭਰਨ ਤੋਂ ਇਲਾਵਾ ਸੰਪਰਕ ਮਾਰਗਾਂ ‘ਤੇ ਵੀ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।ਆਈ.ਟੀ.ਓ., ਆਸ਼ਰਮ, ਆਨੰਦ ਵਿਹਾਰ, ਲਾਜਪਤਨਗਰ ਅਤੇ ਚਿੱਲਾ ਬਾਰਡਰ ‘ਤੇ ਲੰਮਾ ਜਾਮ ਹੈ। ਪੂਰਬੀ ਦਿੱਲੀ ਦੇ ਵਿਕਾਸ ਮਾਰਗ ‘ਤੇ ਕੜਕੜਡੂਮਾ ਤੋਂ ਆਈਟੀਓ ਤੱਕ ਵਾਹਨਾਂ ਦੀ ਲੰਬੀ ਕਤਾਰ ਲੱਗੀ ਹੋਈ ਹੈ। ਲਕਸ਼ਮੀ ਨਗਰ, ਲਲਿਤਾ ਪਾਰਕ, ਗੀਤਾ ਕਾਲੋਨੀ, ਗਾਜ਼ੀਪੁਰ, ਮਯੂਰ ਵਿਹਾਰ, ਪਤਪੜਗੰਜ, ਗਾਂਧੀ ਨਗਰ, ਕ੍ਰਿਸ਼ਨਾ ਨਗਰ, ਲਾਲ ਕੁਆਟਰ, ਸ਼ਾਹਦਰਾ, ਸੀਲਮਪੁਰ, ਨੰਦਨਗਰੀ, ਭਜਨਪੁਰਾ, ਵਜ਼ੀਰਾਬਾਦ, ਤਿਮਾਰਪੁਰ ਤੱਕ ਜਾਮ ਹੈ। ਬੁਰਾੜੀ, ਨੱਥੂਪੁਰਾ, ਆਜ਼ਾਦਪੁਰ, ਰੋਹਤਕ ਰੋਡ ਦੇ ਆਸ-ਪਾਸ ਦੇ ਇਲਾਕਿਆਂ ‘ਚ ਮੀਂਹ ਕਾਰਨ ਕਾਫੀ ਦੇਰ ਤੱਕ ਜਾਮ ਰਿਹਾ। ਕਰੋਲ ਬਾਗ, ਪਹਾੜਗੰਜ ਅਤੇ ਕਸ਼ਮੀਰੀ ਗੇਟ ਵਿੱਚ ਵੱਡੀ ਗਿਣਤੀ ਵਿੱਚ ਲੋਕ ਜਾਮ ਵਿੱਚ ਫਸੇ ਹੋਏ ਹਨ। ਏਮਜ਼, ਗ੍ਰੀਨ ਪਾਰਕ, ਓਖਲਾ, ਨਿਜ਼ਾਮੂਦੀਨ, ਬਦਰਪੁਰ, ਖਾਨਪੁਰ, ਦਿਓਲੀ, ਨਜਫਗੜ੍ਹ, ਸੰਗਮ ਵਿਹਾਰ, ਸਰੋਜਨੀ ਨਗਰ, ਲਾਜਪਤ ਨਗਰ, ਧੌਲਕੂਆਂ, ਮਹੀਪਾਲਪੁਰ, ਸਰਿਤਾ ਵਿਹਾਰ, ਭੀਕਾਜੀ ਕਾਮਾ ਪਲੇਸ, ਦਿੱਲੀ ਕੈਂਟ ਅਤੇ ਕਾਲਕਾਜੀ ਵਿੱਚ ਜਾਮ ਕਾਰਨ ਸਥਿਤੀ ਵਿਗੜੀ ਹੋਈ ਹੈ।