ਪੀਆਰਟੀਸੀ ਬੱਸ ਦੇ ਕੰਡਕਟਰ ਤੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵਿਚਾਲੇ ਝੜਪ
ਅੰਮ੍ਰਿਤਸਰ, 28 ਜੂਨ ,ਬੋਲੇ ਪੰਜਾਬ ਬਿਊਰੋ :
ਜੰਡਿਆਲਾ ਗੁਰੂ ਟੋਲ ਪਲਾਜ਼ਾ ’ਤੇ ਪੀਆਰਟੀਸੀ ਬੱਸ ਦੇ ਕੰਡਕਟਰ ਤੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਬੱਸ ਕੰਡਕਟਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਉੱਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ।
ਜ਼ਖ਼ਮੀ ਗੁਰਲਾਲ ਸਿੰਘ ਨੇ ਕਿਹਾ ਕਿ ਮੈਂ ਪੀਆਰਟੀਸੀ ਵਿੱਚ ਪੱਕਾ ਮੁਲਾਜ਼ਮ ਹਾਂ ਤੇ ਮੈਂ ਲੜਾਈ ਝਗੜੇ ਤੋਂ ਦੂਰ ਰਹਿਦਾ ਹਾਂ, ਕਿਉਂਕਿ ਸਰਕਾਰੀ ਨੌਕਰੀ ਵਾਲੇ ਨੂੰ ਇਸ ਸਬੰਧੀ ਸਖ਼ਤ ਹਦਾਇਤਾਂ ਹੁੰਦੀਆਂ ਹਨ। ਪੀੜਤ ਨੇ ਦੱਸਿਆ ਕਿ ਸਾਡੀ ਬੱਸ 12:40 ‘ਤੇ ਅੰਮ੍ਰਿਤਸਰ ਤੋਂ ਚੱਲੀ ਸੀ ਤੇ 2 ਵਜੇ ਦਾ ਸੁਭਾਨਪੁਰ ਦਾ ਸਮਾਂ ਸੀ। ਸਾਡੀ ਬੱਸ ਜਦੋਂ ਟੋਲ ਪਲਾਜ਼ਾ ਪਹੁੰਚੀ ਤਾਂ ਇਥੇ ਬਹੁਤ ਜਿਆਦਾ ਭੀੜ ਸੀ ਤੇ ਬੱਸ ਲੇਟ ਹੋਣ ਕਾਰਨ ਮੈਂ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਮੇਰੀ ਬੱਸ ਇੱਕ ਪਾਸੇ ਤੋਂ ਲੰਘਾ ਦਿਓ ਤੇ ਆਪਣਾ ਬਣਦਾ ਟੋਲ ਮਸ਼ੀਨ ਰਾਹੀਂ ਕੱਟ ਲਓ, ਪਰ ਇਹਨਾਂ ਨੇ ਮੇਰੀ ਬੇਨਤੀ ਨਹੀਂ ਸੁਣੀ ਤੇ ਕਹਿਣ ਲੱਗੇ ਲਾਈਨ ਵਿੱਚ ਹੀ ਆਓ।
ਬੱਸ ਕੰਡਕਟਰ ਗੁਰਲਾਲ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਬੈਰੀਕੇਟ ਥੋੜ੍ਹਾ ਸਾਈਡ ਕਰਨ ਲੱਗਾ ਤਾਂ ਇਹਨਾਂ ਦੇ ਮੁਲਾਜ਼ਮਾਂ ਨੇ ਮੇਰੀ ਉੱਤੇ ਹਮਲਾ ਕਰ ਦਿੱਤਾ ਤੇ ਮੇਰੇ ਸਿਰ ਵਿੱਚ ਕੜੇ ਮਾਰੇ। ਪੀੜਤ ਨੇ ਦੱਸਿਆ ਕਿ ਇਹਨਾਂ ਨੇ ਮੇਰੇ ਉੱਤੇ ਪੱਗ ਉਤਾਰਨ ਦਾ ਇਲਜ਼ਾਮ ਲਗਾਇਆ ਹੈ ਜੋ ਕਿ ਸਰਾਸਰ ਗਲਤ ਹੈ, ਮੈਂ ਜਾਣਬੁੱਝ ਕੇ ਪੱਗ ਨਹੀਂ ਉਤਾਰੀ ਹੈ, ਜਦੋਂ ਉਹ ਮੈਨੂੰ ਮਾਰਨ ਲੱਗਾ ਤਾਂ ਮੈਂ ਆਪਣਾ ਬਚਾਅ ਕੀਤਾ, ਉਸ ਸਮੇਂ ਝੜਪ ਦੌਰਾਨ ਹੀ ਪੱਗ ਉਤਰੀ ਹੈ।
ਇਸ ਮੌਕੇ ਬੱਸ ਵਿੱਚ ਸਵਾਰ ਹਰਸਿਮਰਨ ਸਿੰਘ ਨੇ ਦੱਸਿਆ ਕਿ ਮੈਂ ਹਰ ਰੋਜ਼ ਇਸੇ ਬੱਸ ਵਿੱਚ ਸਵਾਰੀ ਕਰਦਾ ਹਾਂ ਤੇ ਜੋ ਇਸ ਬੱਸ ਦਾ ਕੰਡਕਟਰ ਹੈ ਉਹ ਬਹੁਤ ਹੀ ਸ਼ਾਂਤ ਸੁਭਾ ਦਾ ਹੈ। ਚਸ਼ਮਦੀਦ ਨੇ ਦੱਸਿਆ ਕਿ ਬੱਸ ਕੰਡਕਟਰ ਨੇ ਟੋਲ ਮੁਲਾਜ਼ਮਾਂ ਨੂੰ ਸਿਰਫ਼ ਬੱਸ ਲੇਟ ਹੋਣ ਕਾਰਨ ਸਾਈਡ ਤੋਂ ਲੰਘਾਉਣ ਦੀ ਅਪੀਲ ਕੀਤੀ ਸੀ, ਪਰ ਟੋਲ ਮੁਲਾਜ਼ਮ ਉਸ ਨਾਲ ਝੜਪ ਪਏ ਤੇ ਉਸ ਦੇ ਸਿਰ ਵਿੱਚ ਕੜੇ ਵੀ ਮਾਰੇ ਜੋ ਕਿ ਸ਼ਰੇਆਮ ਗੁੰਡਾਗਰਦੀ ਹੈ। ਫਿਲਹਾਲ ਮੌਕੇ ਉੱਤੇ ਪੁਲਿਸ ਪਹੁੰਚ ਗਏ ਹੈ ਤੇ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।