ਸਰਹਿੰਦ ਨਹਿਰ ‘ਚ ਨਹਾਉਂਦਿਆਂ ਦੋ ਨੌਜਵਾਨ ਡੁੱਬੇ
ਬਠਿੰਡਾ, 25 ਜੂਨ,ਬੋਲੇ ਪੰਜਾਬ ਬਿਓਰੋ:
ਇੱਥੋਂ ਲੰਘਦੀ ਸਰਹਿੰਦ ਨਹਿਰ ਵਿੱਚ ਨਹਾਉਂਦਿਆਂ ਦੋ ਨੌਜਵਾਨ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ। ਐੱਨਡੀਆਰਐੱਫ ਦੇ ਗੋਤਾਖੋਰਾਂ,ਥਾਣਾ ਥਰਮਲ ਦੀ ਪੁਲੀਸ ਅਤੇ ਸਮਾਜਿਕ ਸੰਗਠਨਾਂ ਦੇ ਵਰਕਰਾਂ ਵੱਲੋਂ ਪਾਣੀ ’ਚ ਡੁੱਬੇ ਨੌਜਵਾਨਾਂ ਦੀ ਜੰਗੀ ਪੱਧਰ ’ਤੇ ਭਾਲ ਕੀਤੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਡੁੱਬਣ ਵਾਲਿਆਂ ਵਿੱਚੋਂ ਰਾਹੁਲ (32) ਜੈਪੁਰ ਤੋਂ ਇੱਥੇ ਇੱਕ ਰਿਸ਼ਤੇਦਾਰੀ ਵਿੱਚ ਭੋਗ ਵਿੱਚ ਸ਼ਾਮਲ ਹੋਣ ਆਇਆ ਸੀ। ਦੂਜੇ 24 ਸਾਲਾ ਨੌਜਵਾਨ ਦੀ ਹਾਲੇ ਪਛਾਣ ਨਹੀਂ ਹੋ ਸਕੀ ਹੈ। ਪਤਾ ਲੱਗਿਆ ਹੈ ਕਿ ਰਾਹੁਲ ਦੀ ਅੱਜ ਰੇਲ ਗੱਡੀ ਰਾਹੀਂ ਸ਼ਾਮ ਨੂੰ ਜੈਪੁਰ ਦੀ ਵਾਪਸੀ ਸੀ ਕਿ ਦੋਵੇਂ ਗਰਮੀ ਤੋਂ ਰਾਹਤ ਲਈ ਨਹਾਉਣ ਲਈ ਨਹਿਰ ’ਤੇ ਪਹੁੰਚ ਗਏ। ਜਦੋਂ ਉਨ੍ਹਾਂ ਨਹਾਉਣਾ ਸ਼ੁਰੂ ਕੀਤਾ ਤਾਂ ਤੈਰਨਾ ਨਾ ਆਉਣ ਕਰਕੇ ਉਹ ਨਹਿਰ ‘ਚ ਡੁੱਬ ਗਏ।ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਦੋਵਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ, ਜੋ ਸਫਲ ਨਾ ਹੋ ਸਕੀਆਂ।ਥਾਣਾ ਥਰਮਲ ਬਠਿੰਡਾ ਦੇ ਐੱਸਐੱਚਓ ਸੁਖਵਿੰਦਰ ਸਿੰਘ ਬਰਾੜ ਅਤੇ ਪੁਲੀਸ ਦੀਆਂ ਟੀਮਾਂ ਵੀ ਮੌਕੇ ’ਤੇ ਭਾਲ ਕਰ ਰਹੀਆਂ ਸਨ।