ਪੰਜਾਬ ਪੁਲਿਸ ਨੂੰ ਮਿਲੀ ਸਫਲਤਾ, ਰੈਸਟੋਰੈਂਟ ’ਚ ਗੋਲ਼ੀਆਂ ਚਲਾਉਣ ਵਾਲੇ ਡਲਹੌਜੀ ਤੋਂ ਕੀਤੇ ਕਾਬੂ
ਅੰਮ੍ਰਿਤਸਰ, 26 ਜੂਨ,ਬੋਲੇ ਪੰਜਾਬ ਬਿਓਰੋ:
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ‘ਤੇ ਮਾੜੇ ਅਨਸਰਾਂ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਰਣਜੀਤ ਐਵਨਿਊ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ। ਪਿਛਲੇ ਦਿਨੀਂ ਇੱਕ ਰੈਸਟੋਰੈਂਟ ’ਚ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਲਜਮਾਂ ਨੂੰ ਕਾਬੂ ਕੀਤਾ ਗਿਆ। ਇਸ ਮੌਕੇ ਥਾਣਾ ਰਣਜੀਤ ਐਵਨਿਊ ਦੇ ਪੁਲਿਸ ਅਧਿਕਾਰੀ ਰੋਬਿਨ ਹੰਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 24 ਜੂਨ ਨੂੰ ਮੁੱਦਈ ਨਵਚੇਤਨ ਸਿੰਘ ਈ ਬਲਾਕ ਰਣਜੀਤ ਐਵਨਿਊ ਅੰਮ੍ਰਿਤਸਰ ਨੇ ਥਾਣਾ ਰਣਜੀਤ ਐਵਨਿਊ ਪੁਲਿਸ ਪਾਸ ਸ਼ਿਕਾਇਤ ਕੀਤੀ ਸੀ। ਜਦ ਉਹ ਆਪਣੇ ਸਾਥੀਆਂ ਨਾਲ ਖਾਣਾ ਖਾਣ ਲਈ ਬੀਅਰ ਸਟੇਰਿਜ ਰੈਸਟੋਰੈਂਟ ਅੰਮ੍ਰਿਤਸਰ ਆਇਆ ਸੀ, ਜਦ ਉਹ ਖਾਣਾ ਖਾ ਕੇ ਰੈਸਟੋਰੈਂਟ ਤੋਂ ਬਾਹਰ ਆਇਆ ਤਾਂ ਰੈਸਟੋਰੈਂਟ ਅੰਦਰ 4 ਨੌਜਵਾਨ ਹੋਰ ਖਾਣਾ ਖਾ ਰਹੇ ਸੀ ਜੋ ਰੈਸਟੋਰੈਂਟ ’ਚੋ ਉਨ੍ਹਾਂ ਦੇ ਪਿੱਛੇ- ਪਿੱਛੇ ਬਾਹਰ ਆ ਗਏ ਅਤੇ ਉਸ ਨੂੰ ਗਾਲਾਂ ਕੱਢਣ ਲੱਗੇ। ਉਸ ਤੇ ਉਸ ਦੇ ਯਾਰ ਦੋਸਤਾਂ ‘ਤੇ ਮਾਰ ਦੇਣ ਦੀ ਨੀਯਤ ਨਾਲ 4 ਤੋਂ 5 ਫ਼ਾਇਰ ਕੀਤੇ। ਜਿਸ ’ਤੇ ਮੁਲਜ਼ਮ ਬਾਉ,ਮੋਹਿਤ, ਸੰਜੂ ਅਤੇ ਸਾਹਿਲ ਦੇ ਖ਼ਿਲਾਫ਼ ਆਰਮਜ਼ ਐਕਟ ਥਾਣਾ ਰਣਜੀਤ ਐਵਨਿਊ ਅੰਮ੍ਰਿਤਸਰ ਮੁਕਦਮਾ ਦਰਜ ਕਰਕੇ ਮੁਢਲੀ ਤਫਤੀਸ਼ ਅਮਲ ’ਚ ਲਿਆਂਦੀ ਗਈ।
ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀ ਵੱਲੋਂ ਮਿਤੀ 24 ਜੂਨ ਨੂੰ ਮੁੱਕਦਮਾ ’ਚ ਲੋੜੀਦੇ ਮੁਲਜ਼ਮ ਮੋਹਿਤ ਸੁਧਰ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਮੁੱਕਦਮਾ ’ਚ ਬਾਕੀ ਲੋੜੀਦੇ ਮੁਲਜ਼ਮ ਵਿਵੇਕ ਖਜੂਰੀਆਂ ਉਰਫ਼ ਬਾਊ, ਸੁਮਿਤ ਸ਼ਰਮਾ ਉਰਫ਼ ਸੰਜੂ, ਸਾਹਿਲ ਖਜੂਰੀਆਂ ਫਤਿਹਗੜ ਚੂੜੀਆਂ ਰੋਡ ਅੰਮ੍ਰਿਤਸਰ ਨੂੰ ਡਲਹੋਜੀ ਹਿਮਾਚਲ ਪ੍ਰਦੇਸ਼ ਤੋ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਪਨਾਹ ਦੇਣ ਵਾਲੇ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹਨਾਂ ਮੁਲਜਮ ਨੂੰ ਵਾਰਦਾਤ ਤੋ ਬਾਅਦ ਡਲਹੋਜੀ ਲੈ ਕੇ ਜਾਣ ਵਾਲੇ ਮੁਲਜ਼ਮ ਵਿਕਰਮ ਖਜੂਰੀਆਂ ਡੀ.ਆਰ ਇੰਨਕਲੇਵ ਅਜਨਾਲਾ ਰੋਡ ਅੰਮ੍ਰਿਤਸਰ ਨੂੰ ਵੀ ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਵਾਰਦਾਤ ਵਿਚ ਵਰਤਿਆ ਪਿਸਤੋਲ ਅਤੇ ਕਾਰ ਬ੍ਰਾਮਦ ਕੀਤਾ ਜਾਵੇਗਾ।