10ਵੀਂ ਵਰਲਡ ਪੰਜਾਬੀ ਕਾਨਫਰੰਸ ਵਿਚ ਡਾਕਟਰ ਇੰਦਰਬੀਰ ਸਿੰਘ ਨਿੱਝਰ , ਬਾਲ ਮੁਕੰਦ ਸ਼ਰਮਾ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਸ਼ਿਰਕਤ ਕਰਨਗੇ
ਗਲੋਬ ਪਿੰਡ ਦੇ ਸਕਾਲਰ ਵਿਚਾਰ ਚਰਚਾ ਕਰਨਗੇ
ਟੋਰਾਂਟੋ 26 ਜੂਨ , ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ) :
10ਵੀਂ ਵਰਲਡ ਪੰਜਾਬੀ ਕਾਨਫਰੰਸ ਵਿਚ ਡਾਕਟਰ ਇੰਦਰਬੀਰ ਸਿੰਘ ਨਿੱਝਰ, ਬਾਲ ਮੁਕੰਦ ਸ਼ਰਮਾ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਸ਼ਿਰਕਤ ਕਰਨਗੇ।
ਉਨਟਾਰੀਓ ਫਰੈਂਡਜ ਕਲੱਬ ਵਲੋਂ ਕਰਾਈ ਜਾ ਰਹੀ 10ਵੀ ਵਰਲਡ ਪੰਜਾਬੀ ਕਾਨਫਰੰਸ ਵਿਚ ਮੁਖ ਮਹਿਮਾਨ ਦੇ ਤੌਰ ਤੇ ਡਾਕਟਰ ਇੰਦਰਬੀਰ ਸਿੰਘ ਨਿੱਝਰ, ਪ੍ਰਧਾਨ, ਚੀਫ਼ ਖਾਲਸਾ ਦੀਵਾਨ ਅੰਮ੍ਰਿਤਸਰ ਸ਼ਿਰਕਤ ਕਰਨਗੇ I ਹੋਰ ਹਸਤੀਆਂ ਦੇ ਨਾਲ ਬਾਲ ਮੁਕੰਦ ਸ਼ਰਮਾ, ਚੇਅਰਮੈਨ ਪੰਜਾਬ ਸਟੇਟ ਫੂਡ ਕਮਿਸ਼ਨ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਐਮ. ਪੀ. ਵੀ ਕਾਨਫਰੰਸ ਦੀ ਸ਼ੋਭਾ ਵਧਾਉਣਗੇ I
ਉਨਟਾਰੀਓ ਫਰੈਂਡਜ ਕਲੱਬ ਦੇ ਕਰਤਾ ਧਰਤਾ ਤੇ ਕਾਨਫ਼ਰੰਸ ਦੇ ਚੇਅਰਮੈਨ ਸਰਦਾਰ ਅਜੈਬ ਸਿੰਘ ਚੱਠਾ ਨੇ ਖੁਲਾਸਾ ਕੀਤਾ ਕਿ ਬਰੈਂਪਟਨ, ਕੈਨੇਡਾ ਵਿਖੇ
ਤਿੰਨ ਰੋਜ਼ਾ ਇਸ ਕਾਨਫਰੰਸ ਵਿੱਚ 5 ਜੁਲਾਈ ਨੂੰ ਡਾਕਟਰ ਇੰਦਰਬੀਰ ਸਿੰਘ ਨਿੱਝਰ ਕਾਨਫਰੰਸ ਦੀ ਯਾਦਗਾਰੀ ਸ਼ੁਰੂਆਤ ਕਰਨਗੇ । 6 ਜੁਲਾਈ ਨੂੰ ਬਾਲ ਮੁਕੰਦ ਸ਼ਰਮਾ ਪੰਜਾਬੀਆਂ ਦੀ ਸੇਹਤ ਅਤੇ ਸਾਹਿਤ ਤੇ ਗੱਲ ਕਰਨਗੇ ਤੇ ਵਕਾਰੀ ਪ੍ਰੋਜੈਕਟ ‘ਪੰਜਾਬ ਮਾਰਟ’ ਬਾਰੇ ਕਨੇਡੀਅਨ ਪੰਜਾਬੀਆਂ ਦੀ ਸਾਂਝ ਪਵਾਉਣਗੇ I ਉਨਾਂ ਨਾਲ ਵਿਦੇਸ਼ੀ ਵਿਦਵਾਨ ਵੀ ਕਾਨਫਰੰਸ ਵਿੱਚ ਪਹੁੰਚ ਰਹੇ ਹਨ।
7 ਜੁਲਾਈ, ਐਤਵਾਰ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਐਮ. ਪੀ. ਪ੍ਰਬੰਧਕਾਂ ਬੁਲਾਰਿਆਂ ਅਤੇ ਹਾਜਰੀਨਾਂ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੋਰ ਤੇ ਪਹੁੰਚ ਰਹੇ ਹਨ। ਇਸ ਮੌਕੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ 25 ਨਾਮਵਰ ਲੇਖਕਾਂ ਦਾ ਪੋਸਟਰ ਵੀ ਰੀਲੀਜ ਕੀਤਾ ਜਾਵੇਗਾ।
ਪੰਜਾਬੀ ਦੇ ਪੁਰਾਤਨ ਨਾਇਕਾਂ ਤੇ ਮਜੂਦਾ ਨਾਇਕਾਂ ਬਾਰੇ ਵਿਚਾਰਾਂ ਹੋਣਗੀਆਂ ਤੇ ਨਾਇਕਾ ਦੀ ਸੂਚੀ ਤਿਆਰ ਹੋਵੇਗੀ । ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਵਿਦਵਾਨਾਂ ਵਲੋਂ ਖੋਜ ਪੱਤਰ ਪੜੇ ਜਾਣਗੇ ।
ਪੰਜਾਬ ਦੀ ਅਮੀਰ ਵਿਰਾਸਤ ਦੇ ਜਿਕਰ ਤੇ ਫਿਕਰ ਲਈ ਹੋ ਰਹੀ 10ਵੀਂ ਵਿਸ਼ਵ ਪੰਜਾਬੀ ਕਾਨਫਰੰਸ ‘ਚ ਗਲੋਬ ਪਿੰਡ ਦੇ ਸਕਾਲਰ, ਸਾਹਿਤਕਾਰ, ਰਾਜਨੇਤਾ, ਕਲਾਕਾਰ ਤੇ ਚਿੰਤਕ ਭਾਗ ਲੈਣਗੇ।
ਪਾਕਿਸਤਾਨ, ਭਾਰਤ , ਇੰਗਲੈਂਡ , ਤੇ ਅਮਰੀਕਾ ਤੋਂ ਕਈ ਵਿਦਵਾਨ ਕਾਨਫਰੰਸ ਵਿਚ ਹਿਸਾ ਲੈਣ ਲਈ ਆ ਚੁਕੇ ਹਨ।
ਹੋਰ ਵਿਦਵਾਨਾਂ ‘ਚ ਡਾਕਟਰ ਸਤਨਾਮ ਸਿੰਘ ਜੱਸਲ, ਡਾਕਟਰ ਆਸਾ ਸਿੰਘ ਘੁੰਮਣ , ਡਾਕਟਰ ਸਾਇਮਾ ਇਰਮ, ਡਾਕਟਰ ਇਕਬਾਲ ਸ਼ਾਹਿਦ , ਕੁਲਬਿੰਦਰ ਰਾਏ ਤੇ ਬਲਵਿੰਦਰ ਸਿੰਘ ਚੱਠਾ ਆਦਿ ਸ਼ਾਮਿਲ ਹੋਣਗੇ।