ਹੁਸ਼ਿਆਰਪੁਰ ‘ਚ ਟਰੱਕ ਨੂੰ ਬੱਸ ਨੇ ਮਾਰੀ ਟੱਕਰ,ਵੱਡੀ ਗਿਣਤੀ ਚੂਚਿਆਂ ਦੀ ਮੌਤ
ਹੁਸ਼ਿਆਰਪੁਰ, 26 ਜੂਨ,ਬੋਲੇ ਪੰਜਾਬ ਬਿਓਰੋ:
ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਖੇਤਰ ’ਚ ਦਿੱਲੀ-ਜੰਮੂ ਨੈਸ਼ਨਲ ਹਾਈਵੇਅ ‘ਤੇ ਅਲੀਪੁਰ ਨੇੜੇ ਮੁਰਗੀਆਂ ਦੇ ਚੂਚਿਆਂ ਨਾਲ ਭਰੇ ਟਰੱਕ ਨੂੰ ਇਕ ਬੱਸ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਟਰੱਕ ਵਿਚ ਭਰੇ ਹਜ਼ਾਰਾਂ ਚੂਚੇ ਸੜਕ ‘ਤੇ ਬਿਖਰ ਗਏ। ਜਿਸ ਕਰਕੇ ਵੱਡੀ ਗਿਣਤੀ ਚੂਚਿਆਂ ਦੀ ਸੜਕ ‘ਤੇ ਹੋਰ ਵਾਹਨਾਂ ਦੀ ਲਪੇਟ ’ਚ ਆਉਣ ਕਰਕੇ ਮੌਤ ਹੋ ਗਈ।
ਘਟਨਾ ਸਬੰਧੀ ਟਰੱਕ ਡਰਾਈਵਰ ਸਾਹਿਲ ਕੁਮਾਰ ਨੇ ਦੱਸਿਆ ਕਿ ਉਹ ਹਰਿਆਣਾ ਤੋਂ ਆਪਣੇ ਟਰੱਕ ’ਚ ਚੂਚੇ ਲੈ ਕੇ ਸ਼੍ਰੀਨਗਰ ਜਾ ਰਿਹਾ ਸੀ। ਇਸੇ ਦੌਰਾਨ ਗੁਲਜ਼ਾਰ ਢਾਬੇ ਨਜ਼ਦੀਕ ਪਿੱਛੇ ਤੋਂ ਆ ਰਹੀ ਇਕ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਟਰੱਕ ਸੜਕ ਕਿਨਾਰੇ ਖੜ੍ਹੇ ਕਿਸੇ ਹੋਰ ਵਾਹਨ ਨਾਲ ਟਕਰਾ ਗਿਆ। ਹਾਦਸੇ ਦੌਰਾਨ ਟਰੱਕ ਦੀ ਜਾਲੀਦਾਰ ਬਾਡੀ ਪੂਰੀ ਤਰ੍ਹਾਂ ਨਾਲ ਉਖੜ ਗਈ ਅਤੇ ਟਰੱਕ ਵਿਚ ਰੱਖੇ ਮੁਰਗੀਆਂ ਦੇ ਚੂਚਿਆਂ ਦੇ ਡੱਬੇ ਸੜਕ ‘ਤੇ ਖਿੱਲਰ ਗਏ। ਇਸ ਕਾਰਨ ਵੱਡੀ ਗਿਣਤੀ ਵਿਚ ਚੂਚਿਆਂ ਨੇ ਸੜਕ ‘ਤੇ ਹੀ ਦਮ ਤੋੜ ਦਿੱਤਾ।