ਬੱਕਰੀ ਨਾ ਮੋੜ ਸਕਣ ਵਾਲੇ ਲੀਡਰਾਂ ਦੀ ਅੱਖ ਅਕਾਲੀ ਦਲ ਦੀ ਪਧਾਨਗੀ ਤੇ-ਪੁਰਖਾਲਵੀ
ਮੁਹਾਲੀ 26 ਜੂਨ ,ਬੋਲੇ ਪੰਜਾਬ ਬਿਓਰੋ:
“ਜੂਨ ਦੇ ਸ਼ਹਾਦਤੀ ਮਾਂਹ ਦੌਰਾਨ ਭਾਜਪਾ ਦੀ ਟਿਕਟ ਤੇ ਚੋਣ ਲੜਨ ਵਾਲੇ ਲੀਡਰਾਂ ਵੱਲੋਂ 1 ਜੁਲਾਈ 2024 ਤੋਂ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਦਾ ਸੰਭਾਵਿਤ ਐਲਾਨ ਪੰਜਾਬ ਅਤੇ ਪੰਥ ਲਈ ਸਭ ਤੋਂ ਘਾਤਕ ਸਮਾਂ ਹੈ ਜਿਸ ਤੋਂ ਪੰਜਾਬੀਆਂ ਦੇ ਮਾੜੇ ਭਵਿੱਖ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ,“ ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਸ਼ਮਸ਼ੇਰ ਪੁਰਖਾਲਵੀ ਨੇ ਪ੍ਰੈੱਸ ਨੂੰ ਜਾਰੀ ਆਪਣੇ ਇੱਕ ਬਿਆਨ ਵਿੱਚ ਕੀਤਾ।
ਪ੍ਰੈਸ ਨੂੰ ਜਾਰੀ ਆਪਣੇ ਬਿਆਨ ਵਿੱਚ ਅਕਾਲੀ ਆਗੂ ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਸਿਆਸੀ ਪਾਰਟੀਆਂ ਵਿੱਚ ਚੰਗਾ ਬੁਰਾ ਵਕਤ ਆਉਂਦਾ ਜਾਂਦਾ ਰਹਿੰਦਾ ਹੈ ਜਿਸ ਨੂੰ ਸਦੀਵੀ ਨਹੀਂ ਸਮਝਿਆ ਜਾਣਾ ਚਾਹੀਦਾ।
ਅਕਾਲੀ ਪਾਰਟੀ ਦੀਆਂ ਸਰਕਾਰਾਂ ਸਮੇਂ ਮਲਾਈਦਾਰ ਨਜ਼ਾਰੇ ਚੱਖਣ ਵਾਲੇ ਲੀਡਰ ਅੱਜ ਪਾਰਟੀ ਦੇ ਉਤਰਾਅ ਮੌਕੇ ਪੰਜਾਬ ਖਾਸਕਰ ਸਿੱਖ ਵਿਰੋਧੀ ਭਾਜਪਾ ਦੇ ਇਸ਼ਾਰੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਿਰੁੱਧ ਭੰਡੀ ਪ੍ਰਚਾਰ ਕਰਕੇ ਪੰਜਾਬ ਵਿੱਚ ਖੇਤਰੀ ਪਾਰਟੀਆਂ ਦਾ ਭੋਗ ਪਾਉਣ ਵਾਲਾ ਭਾਜਪਾਈ ਅਜੰਡਾ ਲਾਗੂ ਕਰਨ ਲਈ ਉਤਾਵਲੇ ਹੋ ਰਹੇ ਹਨ ਜਿਨ੍ਹਾਂ ਤੋਂ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਭਾਜਪਾ ਵੱਲੋਂ ਇੱਕ ਗਹਿਰੀ ਸਾਜਿਸ਼ ਤਹਿਤ ਪੰਜਾਬ ਵਿੱਚ ਲੜੀਵਾਰ ਗੈਰ-ਸਮਾਜਿਕ ਅਤੇ ਗੈਰ-ਪੰਥਕ ਗਤੀਵਿਧੀਆਂ ਨੂੰ ਲੜੀਵਾਰ ਅੰਜਾਮ ਦਿੱਤਾ ਜਾ ਰਿਹਾ ਹੈ ਜਿਹੜਾ ਕਿ ਅਤਿ ਨਿੰਦਣਯੋਗ ਕਾਰਾ ਹੈ। ਉਨ੍ਹਾਂ ਕਿਹਾ ਕਿ ਬੱਕਰੀ ਨਾ ਮੋੜ ਸਕਣ ਦੀ ਤਾਕਤ ਰੱਖਣ ਵਾਲੇ ਘੜੰਮ ਚੌਧਰੀ ਭਾਜਪਾ ਦੀ ਸ਼ਹਿ ਤੇ ਅੱਜ ਅਕਾਲੀ ਦਲ ਦੀ ਪ੍ਰਧਾਨਗੀ ਲਈ ਤਰਲੋਮੱਛੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਦ੍ਰਿੜਤਾ ਅਤੇ ਸਿਦਕ ਨਾਲ ਚਲਾਉਣ ਦੀ ਸਮਰੱਥਾ ਸਿਰਫ ਸੁਖਬੀਰ ਬਾਦਲ ਹੀ ਰੱਖਦੇ ਹਨ ਜਿਸ ਨੂੰ ਲਾਂਭੇ ਕਰਨ ਲਈ ਅਨੇਕਾਂ ਕਾਰਜਸ਼ੀਲ ਹਨ।
ਅਕਾਲੀ ਆਗੂ ਸ਼੍ਰੀ ਪੁਰਖਾਲਵੀ ਨੇ ਪਾਰਟੀ ਦੇ ਸਮੂਹ ਆਗੂਆਂ ਅਤੇ ਵਰਕਰਾਂ ਦੇ ਨਾਲ-ਨਾਲ ਪੰਜਾਬ ਦਰਦੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਕਿਸਾਨੀ, ਜਵਾਨੀ, ਦਲਿਤ, ਮਜ਼ਦੂਰ, ਦੁਕਾਨਦਾਰ ਅਤੇ ਉਦਯੋਗਪਤੀਆਂ ਦੀ ਬਿਹਤਰੀ ਦੇ ਨਾਲ-ਨਾਲ ਧਾਰਮਿਕ ਸਥਾਨਾਂ ਦੀ ਯੋਗ ਸਾਂਭ-ਸੰਭਾਲ ਲਈ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸੁਖਬੀਰ ਸਿੰਘ ਬਾਦਲ ਨਾਲ ਆਪਣੀ ਇੱਕਜੁੱਟਤਾ ਦਾ ਪ੍ਰਗਟਾਵਾ ਕਰਨ ਜੋਕਿ ਅਜੋਕੇ ਸਮੇਂ ਦੀ ਅਹਿਮ ਤੇ ਮੁੱਖ ਜ਼ਰੂਰਤ ਹੈ।