ਪੰਜਾਬ ‘ਚ ਨਸ਼ਾ ਨਸ਼ਟ ਕਰਨ ਦੀ ਕਾਰਵਾਈ ਦਾ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਜਾਇਜ਼ਾ ਲੈਂਦੇ ਹੋਏ

ਚੰਡੀਗੜ੍ਹ ਪੰਜਾਬ

ਪੰਜਾਬ ‘ਚ ਨਸ਼ਾ ਨਸ਼ਟ ਕਰਨ ਦੀ ਕਾਰਵਾਈ ਦਾ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਜਾਇਜ਼ਾ ਲੈਂਦੇ ਹੋਏ

ਮੋਹਾਲੀ 26 ਜੂਨ , ਬੋਲੇ ਪੰਜਾਬ ਬਿਊਰੋ :

ਨਸ਼ਿਆਂ ਵਿਰੁੱਧ ਵਿੱਢੀ ਗਈ ਜੰਗ ਦੌਰਾਨ ਪੰਜਾਬ ਪੁਲਿਸ ਵਲੋਂ ਨਸ਼ਿਆਂ ਦੀ ਦੁਰਵਰਤੋਂ ਅਤੇ ਗ਼ੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮੌਕੇ ਸੂਬੇ ਭਰ ’ਚ 10 ਵੱਖ-ਵੱਖ ਥਾਵਾਂ ’ਤੇ 83 ਕਿੱਲੋ ਹੈਰੋਇਨ, 10,000 ਕਿੱਲੋ ਭੁੱਕੀ, 100 ਕਿੱਲੋ ਗਾਂਜਾ, 4.52 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ ਨਸ਼ਟ ਕੀਤੇ। ਪੁਲਿਸ ਨੇ ਇਹ ਨਸ਼ਾ ਡੇਰਾਬੱਸੀ-ਮੁਬਾਰਕਪੁਰ ਸੜਕ ’ਤੇ ਸਥਿਤ ਪੀ. ਸੀ. ਸੀ. ਪੀ. ਐਲ. ਕੈਮੀਕਲ ਫੈਕਟਰੀ ਦੀ ਭੱਟੀ ’ਚ ਨਸ਼ਟ ਕੀਤਾ। ਇਸ ਦੌਰਾਨ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਕਪੂਰਥਲਾ, ਮੁਹਾਲੀ, ਸ੍ਰੀ ਫ਼ਤਹਿਗੜ੍ਹ ਸਾਹਿਬ ਤੇ ਰੂਪਨਗਰ ਜ਼ਿਲਿ੍ਆਂ ਅਤੇ ਸਾਰੀਆਂ ਐਸ. ਟੀ. ਐਫ. ਰੇਂਜਾਂ ਨਾਲ ਸੰਬੰਧਤ ਨਸ਼ਿਆਂ ਦੀ ਖੇਪ ਦੇ ਚੱਲ ਰਹੇ ਨਿਪਟਾਰੇ ਦੀ ਕਾਰਵਾਈ ਦਾ ਡੇਰਾਬੱਸੀ ਦੀ ਪੀ. ਸੀ. ਸੀ. ਪੀ. ਐਲ. ਫੈਕਟਰੀ ’ਚ ਪਹੁੰਚ ਕੇ ਜਾਇਜ਼ਾ ਲਿਆ। ਇਸ ਮੌਕੇ ਡੀ. ਜੀ. ਪੀ. ਦੇ ਨਾਲ ਸਪੈਸ਼ਲ ਡੀ. ਜੀ. ਪੀ. ਸਪੈਸ਼ਲ ਟਾਸਕ ਫੋਰਸ ਕੁਲਦੀਪ ਸਿੰਘ, ਡੀ. ਆਈ. ਜੀ. ਰੂਪਨਗਰ ਰੇਂਜ ਨੀਲਾਂਬਰੀ ਜਗਦਲੇ ਅਤੇ ਮੁਹਾਲੀ ਦੇ ਐਸ. ਐਸ. ਪੀ. ਡਾ. ਸੰਦੀਪ ਗਰਗ ਵੀ ਮੌਜੂਦ ਸਨ।

ਇਸ ਮੌਕੇ ਡੀ. ਜੀ. ਪੀ. ਗੌਰਵ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਦੇ 33 ਜ਼ਿਲਿ੍ਹਆਂ/ਕਮਿਸ਼ਨਰੇਟਾਂ ਅਤੇ ਯੂਨਿਟਾਂ ਵਲੋਂ ਸੂਬੇ ਭਰ ’ਚ 10 ਵੱਖ-ਵੱਖ ਥਾਵਾਂ ’ਤੇ ਦਰਜ 626 ਐਨ. ਡੀ. ਪੀ. ਐਸ. ਕੇਸਾਂ ਨਾਲ ਸੰਬੰਧਤ ਨਸ਼ਿਆਂ ਦੀ ਇਸ ਵੱਡੀ ਖੇਪ ਦਾ ਪਾਰਦਰਸ਼ੀ ਢੰਗ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੈਬੈਕਸ ਮੀਟਿੰਗ ਜ਼ਰੀਏ ਬਾਕੀ ਜ਼ਿਲਿ੍ਹਆਂ/ਯੂਨਿਟਾਂ ’ਤੇ ਚੱਲ ਰਹੇ ਨਸ਼ਿਆਂ ਦੇ ਨਿਪਟਾਰੇ ਦੀ ਪ੍ਰਕਿਰਿਆ ਦਾ ਜਾਇਜ਼ਾ ਵੀ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ’ਚ ਨਸ਼ਿਆਂ ਨੂੰ ਨਸ਼ਟ ਕਰਨ ਸੰਬੰਧੀ ਆਖਰੀ ਕਾਰਵਾਈ 7 ਜੂਨ 2024 ਨੂੰ ਕੀਤੀ ਗਈ ਸੀ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਪੰਜਾਬ ਪੁਲਿਸ ਦੀ ਨਸ਼ਿਆਂ ਵਿਰੁੱਧ ਲੜਾਈ ’ਚ ਸ਼ਾਮਿਲ ਹੋਣ ਅਤੇ ਜੇਕਰ ਕੋਈ ਵੀ ਨਸ਼ਾ ਤਸਕਰ ਦਿਖਾਈ ਦਿੰਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨਾਲ ਸਾਂਝੀ ਕਰਨ ਦੀ ਅਪੀਲ ਵੀ ਕੀਤੀ।ਮਾਰਚ 2022 ਤੋਂ ਲੈ ਕੇ ਹੁਣ ਤੱਕ ਨਸ਼ਿਆਂ ਵਿਰੁੱਧ ਕੀਤੀਆਂ ਕਾਰਵਾਈਆਂ ਦਾ ਵੇਰਵਾ
2 ਕਿੱਲੋ ਤੋਂ ਵੱਧ ਹੈਰੋਇਨ ਸਮੇਤ 356 ਵੱਡੀਆਂ ਮੱਛੀਆਂ ਕੀਤੀਆਂ ਕਾਬੂ, 200 ਕਰੋੜ ਰੁ. ਦੀਆਂ 459 ਜਾਇਦਾਦਾਂ ਕੀਤੀਆਂ ਜ਼ਬਤ, ਕੁੱਲ 2324 ਕਿੱਲੋ ਹੈਰੋਇਨ ਬਰਾਮਦ, ਕੁੱਲ 2239 ਕਿੱਲੋ ਅਫ਼ੀਮ ਬਰਾਮਦ, ਕੁੱਲ 106 ਟਨ ਭੁੱਕੀ ਬਰਾਮਦ, ਕੁੱਲ 2613 ਕਿੱਲੋ ਗਾਂਜਾ ਬਰਾਮਦ, 4.16 ਕਰੋੜ ਫਾਰਮਾ ਓਪੀਔਡਜ਼ ਦੀਆਂ ਗੋਲੀਆਂ/ਕੈਪਸੂਲ/ਟੀਕੇ/ ਸ਼ੀਸ਼ੀਆਂ ਬਰਾਮਦ ਅਤੇ 187 ਡਰੋਨ ਬਰਾਮਦ ਕੀਤੇ।

Leave a Reply

Your email address will not be published. Required fields are marked *