ਓਮ ਬਿਰਲਾ ਦੂਜੀ ਵਾਰ ਬਣੇ ਲੋਕ ਸਭਾ ਦੇ ਸਪੀਕਰ
ਨਵੀਂ ਦਿੱਲੀ, 26 ਜੂਨ, ਬੋਲੇ ਪੰਜਾਬ ਬਿਊਰੋ :
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਓਮ ਬਿਰਲਾ ਨੂੰ ਬੁੱਧਵਾਰ ਨੂੰ 18ਵੀਂ ਲੋਕ ਸਭਾ ਦਾ ਸਪੀਕਰ ਚੁਣ ਲਿਆ ਗਿਆ। ਇਸ ਦੇ ਨਾਲ ਹੀ ਬਿਰਲਾ ਲਗਾਤਾਰ ਦੂਜੀ ਵਾਰ ਲੋਕ ਸਭਾ ਸਪੀਕਰ ਦੇ ਅਹੁਦੇ ’ਤੇ ਬਿਰਾਜਮਾਨ ਹੋਏ। ਓਮ ਬਿਰਲਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਵਧਾਈ ਦਿੱਤੀ ਅਤੇ ਆਸਣ ਤੱਕ ਪਹੁੰਚਾਇਆ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਪ੍ਰੋਟੇਮ ਸਪੀਕਰ ਦੀ ਡਿਊਟੀ ਨਿਭਾਉਣ ਲਈ ਭਾਜਪਾ ਸੰਸਦ ਮੈਂਬਰ ਭਰਤਰਿਹਰੀ ਮਹਿਤਾਬ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ‘ਚ ਕਿਹਾ, ‘ਸਤਿਕਾਰਯੋਗ ਸਪੀਕਰ ਜੀ, ਇਹ ਸਦਨ ਦੀ ਖੁਸ਼ਕਿਸਮਤੀ ਹੈ ਕਿ ਤੁਸੀਂ ਦੂਜੀ ਵਾਰ ਇਸ ਆਸਣ ‘ਤੇ ਬਿਰਾਜਮਾਨ ਹੋ ਰਹੇ ਹੋ। ਮੈਂ ਤੁਹਾਨੂੰ ਅਤੇ ਪੂਰੇ ਸਦਨ ਨੂੰ ਵਧਾਈ ਦਿੰਦਾ ਹਾਂ ਅਤੇ ਅਗਲੇ ਪੰਜ ਸਾਲਾਂ ਲਈ ਤੁਹਾਡੇ ਮਾਰਗਦਰਸ਼ਨ ਦੀ ਉਮੀਦ ਕਰਦਾ ਹਾਂ।” ਮੋਦੀ ਨੇ ਕਿਹਾ ਕਿ ਬਿਰਲਾ ਦਾ ਪਿਛਲੇ ਕਾਰਜਕਾਲ ਵਿੱਚ ਸਪੀਕਰ ਰਹਿਣ ਦਾ ਤਜਰਬਾ ਦੇਸ਼ ਨੂੰ ਅੱਗੇ ਲਿਜਾਣ ਵਿੱਚ ਮਦਦ ਕਰੇਗਾ।