ਸਿੱਖ ਕੌਮ ਦੇ ਮਹਾਨ ਜਰਨੈਲ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ 308 ਵਾਂ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਚੰਡੀਗੜ੍ਹ ਪੰਜਾਬ

ਸਿੱਖ ਕੌਮ ਦੇ ਮਹਾਨ ਜਰਨੈਲ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ 308 ਵਾਂ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।


ਮੋਹਾਲੀ 25 ਜੂਨ ,ਬੋਲੇ ਪੰਜਾਬ ਬਿਓਰੋ:ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਅਮਰ ਸ਼ਹੀਦ ਜੱਥੇਦਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ 308ਵਾਂ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਇਸ ਦਿਹਾੜੇ ਦੇ ਸਬੰਧ ਵਿੱਚ ਸਵੇਰੇ 9:00 ਵਜੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ, ਇਸ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਧਾਰਮਿਕ ਸਮਾਗਮ ਵਿੱਚ ਭਾਈ ਬਲਬੀਰ ਸਿੰਘ ਜੀ ਅਤੇ ਸਮਰਾਲੇ ਵਾਲੀਆਂ ਬੀਬੀਆਂ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੁਆਰਾ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਸੂਬਾ ਸਰਹੰਦ ਵਜੀਰ ਖਾਨ ਨੂੰ ਮੋਤ ਦੇ ਘਾਟ ਉਤਾਰ ਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਦਾ ਬਦਲਾ ਲੈਣ ਅਤੇ ਮੁਗਲ ਰਾਜ ਨੂੰ ਮਾਤ ਦੇਣ ਦਾ ਪ੍ਰਸੰਗ ਸੰਗਤਾਂ ਨੂੰ ਵਿਸਥਾਰ ਵਿੱਚ ਸਰਵਣ ਕਰਾਇਆ। ਭਾਈ ਗੁਰਜੰਟ ਸਿੰਘ ਜੀ ਲੁਧਿਆਣੇ ਵਾਲਿਆਂ ਨੇ ਆਪਣੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ । ਸ਼੍ਰੋਮਣੀ ਪ੍ਰਚਾਰਕ ਭਾਈ ਸੁੱਚਾ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਂਹੀ ਦਸਿੱਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਰਾਜ ਦਾ ਖਾਤਮਾ ਕਰਕੇ ਦੇਸ਼ ਦੀ ਆਜਾਦੀ ਦਾ ਮੁੱਢ ਬੰਨ੍ਹਿਆ ਅਤੇ ਜਬਰ ਜੁਲਮ ਦਾ ਟਾਕਰਾ ਕਰਦੇ ਹੋਏ ਸੰਨ 1716 ਈ: ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਭਾਈ ਅਮਰਜੀਤ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਜਤਿੰਦਰ ਸਿੰਘ ਜੀ, ਭਾਈ ਹਰਪ੍ਰੀਤ ਸਿੰਘ, ਭਾਈ ਸਿਮਰਨਜੀਤ ਸਿੰਘ ਜੀ, ਸ਼ੇਰੇ ਏ ਪੰਜਾਬ ਕਵੀਸ਼ਰੀ ਜੱਥਾ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ, ਭਾਈ ਗੁਰਪ੍ਰੀਤ ਸਿੰਘ, ਭਾਈ ਸੁਖਵਿੰਦਰ ਸਿੰਘ ਜੀ ਦੇ ਜੱਥਿਆਂ ਤੋੱ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਜਸਵਿੰਦਰ ਸਿੰਘ, ਭਾਈ ਨਿਤਿੰਨ ਸਿੰਘ, ਭਾਈ ਸੰਦੀਪ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ।  ਇਸ ਮੌਕੇ ਤੇ ਹਜ਼ਾਰਾਂ ਸੰਗਤਾਂ ਨੇ ਇਸ ਸਥਾਨ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ । ਇਸ ਮੌਕੇ ਗੁਰੂ ਕਾ ਲੰਗਰ ਸੰਗਤਾਂ ਨੂੰ ਸਾਰਾ ਦਿਨ ਅਤੁੱਟ ਵਰਤਾਇਆ ਗਿਆ ।

Leave a Reply

Your email address will not be published. Required fields are marked *