ਦੀਨਾਨਗਰ : ਭਾਰਤ-ਪਾਕਿ ਸਰਹੱਦ ‘ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨ ਵਲੋਂ ਗੋਲ਼ੀ ਮਾਰ ਕੇ ਖ਼ੁਦਕੁਸ਼ੀ
ਦੀਨਾਨਗਰ, 25 ਜੂਨ,ਬੋਲੇ ਪੰਜਾਬ ਬਿਓਰੋ:
ਭਾਰਤ-ਪਾਕਿ ਸਰਹੱਦ ‘ਤੇ ਬੀ.ਐੱਸ.ਐੱਫ. ਪਹਾੜੀਪੁਰ ਚੌਕੀ ‘ਤੇ ਡਿਊਟੀ ‘ਤੇ ਤਾਇਨਾਤ ਜਵਾਨ ਨੇ ਖੁਦ ਨੂੰ ਗੋਲੀ ਮਾਰ ਲਈ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਤੁਰੰਤ ਨਰੋਟ ਜੈਮਲ ਸਿੰਘ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।ਹਸਪਤਾਲ ਦੇ ਸਮੁੱਚੇ ਸਟਾਫ ਨੇ ਜਵਾਨ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਪਰ ਜਵਾਨ ਇੰਨਾ ਜ਼ਖਮੀ ਹੋ ਗਿਆ ਕਿ ਉਸ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਕਰਦਿਆਂ ਡਾ: ਵਿਨੈ ਸਿੰਘ ਜਮਾਲ ਨੇ ਦੱਸਿਆ ਕਿ ਫ਼ੌਜੀ ਰਾਈਫ਼ਲ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਅਤੇ ਖ਼ੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਮ੍ਰਿਤਕ ਫੌਜੀ ਦੀ ਪਛਾਣ ਮਾਲੂ ਰਾਮ ਮੀਨਾ (40) ਜ਼ਿਲਾ ਜੈਪੁਰ, ਰਾਜਸਥਾਨ ਵਜੋਂ ਹੋਈ ਹੈ। ਜਵਾਨ ਬੀਐਸਐਫ ਦੀ 121 ਬਟਾਲੀਅਨ ਦੀ ਪਹਾੜੀਪੁਰ ਚੌਕੀ ’ਤੇ ਤਾਇਨਾਤ ਸੀ। ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ, ਆਵਾਜ਼ ਸੁਣ ਕੇ ਮੌਕੇ ‘ਤੇ ਮੌਜੂਦ ਹੋਰ ਜਵਾਨਾਂ ਨੇ ਉਸ ਨੂੰ ਖੂਨ ਨਾਲ ਲੱਥਪੱਥ ਹਾਲਤ ‘ਚ ਦੇਖਿਆ, ਜਿਸ ਤੋਂ ਬਾਅਦ ਹੋਰ ਜਵਾਨ ਉਸ ਨੂੰ ਇਲਾਜ ਲਈ ਨਰੋਟ ਜੈਮਲ ਸਿੰਘ ਹਸਪਤਾਲ ਲੈ ਗਏ ਪਰ ਇਲਾਜ ਦੌਰਾਨ ਜਵਾਨ ਦੀ ਮੌਤ ਹੋ ਗਈ।