ਦਿੱਲੀ ਜਲ ਸੰਕਟ ਨੂੰ ਲੈ ਕੇ ਮੰਤਰੀ ਆਤਿਸ਼ੀ ਦੀ ਭੁੱਖ ਹੜਤਾਲ ਖਤਮ
ਨਵੀਂ ਦਿੱਲੀ, 25 ਜੂਨ,ਬੋਲੇ ਪੰਜਾਬ ਬਿਓਰੋ:
ਦਿੱਲੀ ਜਲ ਸੰਕਟ ਨੂੰ ਲੈ ਕੇ ਮੰਤਰੀ ਆਤਿਸ਼ੀ ਦੀ ਭੁੱਖ ਹੜਤਾਲ 5ਵੇਂ ਦਿਨ ਖ਼ਤਮ ਹੋ ਗਈ ਹੈ। ਸੋਮਵਾਰ ਦੇਰ ਰਾਤ ਆਤਿਸ਼ੀ ਦੀ ਸਿਹਤ ਵਿਗੜ ਗਈ ਸੀ। ‘ਆਪ’ ਆਗੂਆਂ ਨੇ ਉਨ੍ਹਾਂ ਨੂੰ ਕਰੀਬ 3.38 ਵਜੇ ਐਲਐਨਜੇਪੀ ਹਸਪਤਾਲ ਵਿਚ ਦਾਖ਼ਲ ਕਰਵਾਇਆ।ਅੱਜ ਮੰਗਲਵਾਰ ਸਵੇਰੇ ਸੰਜੇ ਸਿੰਘ ਨੇ ਪ੍ਰੈੱਸ ਕਾਨਫ਼ਰੰਸ ‘ਚ ਦੱਸਿਆ ਕਿ ਆਤਿਸ਼ੀ ਦਾ ਵਰਤ ਹੁਣ ਖ਼ਤਮ ਹੋ ਗਿਆ ਹੈ। ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ 36 ਤੱਕ ਪਹੁੰਚ ਗਿਆ ਹੈ। ਉਹਨਾਂ ਦਾ ਸ਼ੂਗਰ ਲੈਵਲ ਦੇਰ ਰਾਤ 43 ਦਰਜ ਕੀਤਾ ਗਿਆ ਸੀ।
ਐਲਐਨਜੇਪੀ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾਕਟਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਆਤਿਸ਼ੀ ਆਈ.ਸੀ.ਯੂ. ਵਿਚ ਹਨ, ਉਹ ਇਸ ਸਮੇਂ ਠੀਕ ਹਨ। ਉਹਨਾਂ ਨੂੰ ਮੰਗਲਵਾਰ ਰਾਤ ਨੂੰ ਹੀ ਦਾਖਲ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ ਪਰ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ।ਦਿੱਲੀ ਜਲ ਸੰਕਟ ਨੂੰ ਲੈ ਕੇ ਆਤਿਸ਼ੀ 21 ਜੂਨ ਤੋਂ ਭੋਗਲ, ਜੰਗਪੁਰਾ ‘ਚ ਭੁੱਖ ਹੜਤਾਲ ‘ਤੇ ਸਨ। ਉਨ੍ਹਾਂ ਦੀ ਮੰਗ ਹੈ ਕਿ ਹਰਿਆਣਾ ਤੋਂ 100 ਐਮਜੀਡੀ ਪਾਣੀ ਭੇਜਿਆ ਜਾਵੇ। ਸੰਧੀ ਤਹਿਤ ਹਰਿਆਣਾ ਤੋਂ 613 ਐਮਜੀਡੀ ਪਾਣੀ ਭੇਜਿਆ ਜਾਣਾ ਹੈ। ਆਤਿਸ਼ੀ ਨੇ ਦਾਅਵਾ ਕੀਤਾ ਸੀ ਕਿ ਹਰਿਆਣਾ ਸਰਕਾਰ ਸਿਰਫ਼ 513 ਐਮਜੀਡੀ ਪਾਣੀ ਭੇਜ ਰਹੀ ਹੈ। ਇਸ ਕਾਰਨ ਦਿੱਲੀ ਦੇ 28 ਲੱਖ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਹੈ।