ਮੋਹਾਲੀ, 23 ਜੂਨ,ਬੋਲੇ ਪੰਜਾਬ ਬਿਓਰੋ:
ਮੁੰਬਈ ਦੇ ਇਕ ਏਜੰਟ ਨੇ ਮੁਹਾਲੀ ਦੇ ਕਰੀਬ 8 ਵਿਅਕਤੀਆਂ ਤੋਂ ਯੂ. ਕੇ. ਭੇਜਣ ਦੇ ਨਾਂਅ ‘ਤੇ ਕਰੀਬ 1 ਕਰੋੜ ਰੁਪਏ ਦੀ ਠੱਗੀ ਮਾਰ ਲਈ ਸੀ। ਇਸ ਸੰਬੰਧੀ ਥਾਣਾ ਫੇਜ਼-1 ਦੀ ਪੁਲਿਸ ਵਲੋਂ ਮੁਲਜ਼ਮ ਇੰਦਰਜੀਤ ਸਿੰਘ ਸੋਹੀ ਅਤੇ ਉਸ ਦੀ ਪਤਨੀ ਪਰਮਿੰਦਰ ਸੋਹੀ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਮੁਲਜ਼ਮ ਮੁਲਜ਼ਮ ਇੰਦਰਜੀਤ ਸਿੰਘ ਸੋਹੀ ਨੂੰ ਮੁੰਬਈ ਤੋਂ ਗ੍ਰਿਫਤਾਰ ਕਰ ਲਿਆ ਹੈ।
ਉਸ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਇਸ ਸੰਬੰਧੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਕਿੰਦਰਬੀਰ ਸਿੰਘ ਬਦੇਸ਼ਾ, ਲਵਪ੍ਰੀਤ ਸਿੰਘ ਤੇ ਸੰਦੀਪ ਗੋਸ਼ਲ ਆਦਿ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਮੁਹਾਲੀ ਵਿਖੇ ਹਰਿਜਸ ਸਟੱਡੀ ਅਬਰੋਡ ਐਂਡ ਇੰਮੀਗ੍ਰੇਸ਼ਨ ਮੁੰਬਈ ਦੇ ਮਾਲਕ ਇੰਦਰਜੀਤ ਸਿੰਘ ਨਾਲ ਮੁਲਾਕਾਤ ਹੋਈ ਸੀ। ਉਸ ਨੇ ਦੱਸਿਆ ਸੀ ਕਿ ਉਹ ਯੂ. ਕੇ. ਵਿਖੇ ਬਿਜ਼ਨੈੱਸ ਵੀਜ਼ੇ ਦਿਵਾਉਣ ਦਾ ਕੰਮ ਕਰਦਾ ਹੈ।
ਇਸ ਤਰ੍ਹਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਆਪਣੇ ਪ੍ਰਭਾਵ ਵਿਚ ਲੈ ਲਿਆ ਤੇ ਸਾਰਿਆਂ ਤੋਂ ਕਰੀਬ 1 ਕਰੋੜ ਰੁਪਏ ਦੀ ਰਕਮ, ਆਪਣੇ ਬੈਂਕ ਖਾਤਿਆਂ ਵਿਚ ਟਰਾਂਸਫਰ ਕਰਵਾ ਲਈ। ਪਰ ਕੁਝ ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਉਨ੍ਹਾਂ ਦੇ ਵੀਜ਼ੇ ਆਏ ਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਉਕਤ ਏਜੰਟ ਨੂੰ ਆਪਣੀ ਫਾਈਲ ਅਤੇ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ ਗਾਲ੍ਹਾਂ ਕੱਢਣੀਆਂ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਜਦੋਂ ਪੰਜ ਮਹੀਨਿਆਂ ਤੱਕ ਮੁਲਜ਼ਮ ਨੇ ਕਿਸੇ ਦਾ ਵੀਜ਼ਾ ਨਹੀਂ ਲਗਵਾਇਆ ਤਾਂ ਹਰ ਕੋਈ ਉਸ ਤੇ ਦਬਾਅ ਪਾਉਣ ਲੱਗਾ। ਇਸ ਤੋਂ ਬਾਅਦ ਮੁਲਜ਼ਮ ਨੇ 2 ਵਿਅਕਤੀਆਂ ਨੂੰ ਜਾਅਲੀ ਵੀਜ਼ਾ ਪੱਤਰ ਭੇਜ ਦਿੱਤੇ, ਪਰ ਜਦੋਂ ਉਨ੍ਹਾਂ ਨੇ ਵੀਜ਼ੇ ਚੈੱਕ ਕਰਵਾਏ ਤਾਂ ਉਹ ਜਾਅਲੀ ਨਿਕਲੇ।ਇਸ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ।