ਬਰਨਾਲਾ : ਘਰ ‘ਚੋਂ ਤਿੰਨ ਪਰਿਵਾਰਕ ਮੈਂਬਰਾਂ ਤੇ ਕੁੱਤੇ ਦੀਆਂ ਲਾਸ਼ਾਂ ਮਿਲੀਆਂ,ਦਹਿਸ਼ਤ ਦਾ ਮਾਹੌਲ

ਚੰਡੀਗੜ੍ਹ ਪੰਜਾਬ


ਬਰਨਾਲਾ, 23 ਜੂਨ,ਬੋਲੇ ਪੰਜਾਬ ਬਿਓਰੋ:
ਬਰਨਾਲਾ ਦੇ ਬਰਨਾਲਾ ਸੰਘੇੜਾ ਰੋਡ ਠੀਕਰੀ ਵਾਲਾ ਚੌਕ ਨੇੜੇ ਰਾਮ ਰਾਜ ਕਲੋਨੀ ਦੀ ਕੋਠੀ ਨੰਬਰ 353 ਵਿੱਚੋਂ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਅਤੇ ਇੱਕ ਕੁੱਤੇ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਘਟਨਾ ਨਾਲ ਪੂਰੇ ਇਲਾਕੇ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਇਸ ਘਟਨਾ ਕਾਰਨ ਪੂਰੀ ਕਲੋਨੀ ਵਿੱਚ ਸੋਗ ਦੀ ਲਹਿਰ ਹੈ। ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਇਹ ਖੁਦਕੁਸ਼ੀ ਸੀ ਜਾਂ ਕਤਲ।
ਲਾਸ਼ਾਂ ਵਿੱਚ ਇੱਕ ਆਦਮੀ, ਉਸਦੀ ਮਾਂ ਅਤੇ ਉਸਦੀ ਧੀ ਦੀ ਹੈ ਜਦਕਿ ਚੌਥੀ ਲਾਸ਼ ਇੱਕ ਕੁੱਤੇ ਦੀ ਹੈ। ਜਾਣਕਾਰੀ ਅਨੁਸਾਰ ਲੜਕੀ ਕੈਨੇਡਾ ਰਹਿੰਦੀ ਸੀ ਅਤੇ ਛੁੱਟੀਆਂ ਦੌਰਾਨ ਆਪਣੇ ਘਰ ਪੰਜਾਬ ਆਈ ਹੋਈ ਸੀ। ਮ੍ਰਿਤਕ ਦੀ ਪਛਾਣ ਕੁਲਬੀਰ ਸਿੰਘ, ਲੜਕੀ ਨਿਮਰਤ ਕੌਰ ਅਤੇ ਕੁਲਬੀਰ ਸਿੰਘ ਦੀ ਮਾਤਾ ਬਲਵੰਤ ਕੌਰ ਵਜੋਂ ਹੋਈ ਹੈ। ਦੱਸ ਦੇਈਏ ਕਿ ਕੁਲਬੀਰ ਸਿੰਘ ਦੀ ਪਤਨੀ ਦੁੱਧ ਲੈਣ ਲਈ ਬਾਜ਼ਾਰ ਗਈ ਸੀ।
ਜਦੋਂ ਉਹ ਦੁੱਧ ਲੈ ਕੇ ਘਰ ਪਰਤੀ ਤਾਂ ਘਰ ਦਾ ਗੇਟ ਅੰਦਰੋਂ ਬੰਦ ਸੀ। ਉਸ ਨੇ ਕਲੋਨੀ ਦੇ ਚੌਕੀਦਾਰ ਨੂੰ ਬੁਲਾਇਆ ਅਤੇ ਕੰਧ ਟੱਪ ਕੇ ਗੇਟ ਖੋਲ੍ਹ ਕੇ ਅੰਦਰ ਜਾ ਕੇ ਦੇਖਿਆ ਤਾਂ ਇਕ ਕਮਰੇ ਵਿਚ ਕੁਲਬੀਰ ਸਿੰਘ ਅਤੇ ਉਸ ਦੀ ਬੇਟੀ ਨਿਮਰਤ ਕੌਰ ਦੀਆਂ ਲਾਸ਼ਾਂ ਪਈਆਂ ਸਨ ਅਤੇ ਦੂਜੇ ਕਮਰੇ ਵਿੱਚ ਉਸ ਦੀ ਮਾਂ ਅਤੇ ਪਾਲਤੂ ਕੁੱਤੇ ਦੀਆਂ ਲਾਸ਼ਾਂ ਪਈਆਂ ਸਨ।
ਘਟਨਾ ‘ਚ ਹਥਿਆਰ ਬਰਾਮਦ ਹੋਇਆ ਹੈ। ਉਸ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਥਾਣਾ ਸਿਟੀ 1 ਦੇ ਮੁਖੀ ਬਲਜੀਤ ਸਿੰਘ ਮੌਕੇ ‘ਤੇ ਪਹੁੰਚੇ। ਫੋਰੈਂਸਿਕ ਟੀਮਾਂ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰ ਵਿੱਚ ਸਿਰਫ਼ ਚਾਰ ਮੈਂਬਰ ਹੀ ਸਨ।

Leave a Reply

Your email address will not be published. Required fields are marked *