ਨਵੀਂ ਦਿੱਲੀ, 23 ਜੂਨ, ਬੋਲੇ ਪੰਜਾਬ ਬਿਓਰੋ:
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਹੁਣ ਮੈਡੀਕਲ ਦਾਖਲੇ ਲਈ NEET UG 2024 ਪ੍ਰੀਖਿਆ ਵਿੱਚ ਬੇਨਿਯਮੀਆਂ ਦੀ ਜਾਂਚ ਕਰੇਗੀ। ਪ੍ਰੀਖਿਆ ਨਾਲ ਸਬੰਧਤ ਬੇਨਿਯਮੀਆਂ ਦੀ ਸਮੀਖਿਆ ਦੇ ਆਧਾਰ ‘ਤੇ ਸਿੱਖਿਆ ਮੰਤਰਾਲੇ ਨੇ ਪੂਰੇ ਘਟਨਾਕ੍ਰਮ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਸ਼ੁਰੂ ਤੋਂ ਹੀ ਵਿਦਿਆਰਥੀ ਅਤੇ ਮਾਪੇ NEET UG ਪ੍ਰੀਖਿਆ ਵਿੱਚ ਹੋਈਆਂ ਬੇਨਿਯਮੀਆਂ ਦੀ ਜਾਂਚ ਸੀਬੀਆਈ ਤੋਂ ਕਰਨ ਦੀ ਮੰਗ ਕਰ ਰਹੇ ਸਨ। ਹੁਣ ਤੱਕ ਬਿਹਾਰ ਪੁਲਿਸ ਅਤੇ ਗੁਜਰਾਤ ਪੁਲਿਸ ਵੱਖ-ਵੱਖ ਬੇਨਿਯਮੀਆਂ ਅਤੇ ਨਕਲ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਸੀ।
ਹਾਲਾਂਕਿ, ਸੀਬੀਆਈ ਨੂੰ ਜਾਂਚ ਸੌਂਪਣ ਤੋਂ ਪਹਿਲਾਂ, ਸਿੱਖਿਆ ਮੰਤਰਾਲੇ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਦੇ ਡਾਇਰੈਕਟਰ ਜਨਰਲ ਸੁਬੋਧ ਕੁਮਾਰ ਸਿੰਘ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਦੱਸਿਆ ਗਿਆ ਹੈ ਕਿ ਕੇਂਦਰ ਸਰਕਾਰ ਨੇ ਇਹ ਫੈਸਲਾ ਹਾਲ ਹੀ ਵਿੱਚ ਹੋਈਆਂ ਪ੍ਰੀਖਿਆਵਾਂ ਵਿੱ ਬੇਨਿਯਮੀਆਂ ਦੇ ਮੱਦੇਨਜ਼ਰ ਲਿਆ ਹੈ। ਪ੍ਰਦੀਪ ਸਿੰਘ ਖਰੋਲਾ ਨੂੰ ਨਵਾਂ ਡੀ.ਜੀ. ਨਿਯੁਕਤ ਕੀਤਾ ਗਿਆ ਹੈ।