ਮੁਹਾਲੀ, 23 ਜੂਨ ,ਬੋਲੇ ਪੰਜਾਬ ਬਿਓਰੋ: ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਅੱਜ ਸ਼ਹਿਰ ਦੀ ਹਰ ਸੜਕ ਡੰਪਿੰਗ ਗਰਾਉਂਡ ਬਣ ਕੇ ਰਹਿ ਗਈ ਹੈ ਅਤੇ ਇਹਦੇ ਪਿੱਛੇ ਅਫਸਰਸ਼ਾਹੀ ਦੀ ਨਾਨ ਪਲੈਨਿੰਗ ਤੇ ਗਮਾਡਾ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਲਾਪਰਵਾਹੀਆਂ ਦਾ ਨਤੀਜਾ ਮੋਹਾਲੀ ਦੇ ਸ਼ਹਿਰ ਵਾਸੀ ਭੁਗਤ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਅਧਿਕਾਰੀਆਂ ਨੂੰ ਬੇਨਤੀ ਕੀਤੀ ਸੀ ਅੱਜ ਫਿਰ ਅਧਿਕਾਰੀਆਂ ਨੂੰ ਬੇਨਤੀ ਕਰ ਰਹੇ ਹਨ ਕਿ ਇਸ ਮਸਲੇ ਦਾ ਫੌਰੀ ਤੌਰ ਤੇ ਹੱਲ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਸ ਸਬੰਧੀ ਡਿਪਟੀ ਮੇਅਰ ਵੱਲੋਂ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਪੰਜਾਬ ਅਤੇ ਗਮਾਡਾ ਅਧਿਕਾਰੀਆਂ ਨੂੰ ਪੱਤਰ ਵੀ ਲਿਖੇ ਗਏ ਸਨ।
ਉਨ੍ਹਾਂ ਸਪਸ਼ਟ ਤੌਰ ’ਤੇ ਚੇਤਾਵਨੀ ਦਿੱਤੀ ਕਿ ਜੇਕਰ ਮੁਹਾਲੀ ਵਿੱਚ ਹਰ ਥਾਂ ਤੇ ਲੱਗੇ ਕੂੜੇ ਦੇ ਢੇਰਾਂ ਦਾ ਮਸਲਾ ਹੱਲ ਨਾ ਕੀਤਾ ਗਿਆ ਤਾਂ ਉਹ ਸ਼ਹਿਰ ਦੇ ਲੋਕਾਂ ਨੂੰ ਨਾਲ ਲੈ ਕੇ 26 ਜੂਨ, ਦਿਨ ਬੁੱਧਵਾਰ ਦੁਪਹਿਰ 11 ਵਜੇ ਫੇਜ 3 ਅਤੇ 5 ਦੀਆਂ ਟਰੈਫਿਕ ਲਾਈਟਾਂ ‘ਤੇ ਅਫਸਰਸ਼ਾਹੀ ਦਾ ਪੁਤਲਾ ਸਾੜ ਕੇ ਮੁਜ਼ਾਝਰਾ ਕਰਨਗੇ ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਉਹਨਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਜੇਕਰ ਪ੍ਰਸ਼ਾਸਨ ਅਤੇ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ ਤਾਂ ਉਹ ਖੁਦ ਜਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਭੁੱਖ ਹੜਤਾਲ ਤੇ ਬੈਠਣਗੇ ਅਤੇ ਇਸ ਦੇ ਖਿਲਾਫ ਮਾਨਯੋਗ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇੰਨੇ ਗਰਮੀ ਦੇ ਮੌਸਮ ਵਿੱਚ ਮੋਹਾਲੀ ਵਿੱਚ ਕੂੜਾ ਡੰਪਿੰਗ ਗਰਾਊਂਡ ਵਿੱਚ ਸੁੱਟਣ ਤੇ ਰੋਕ ਲੱਗਣ ਕਾਰਨ ਕੂੜਾ ਸੜਕਾਂ ਉੱਤੇ ਸੜਨ ਲੱਗ ਗਿਆ ਹੈ ਅਤੇ ਉੱਪਰੋਂ ਬਰਸਾਤ ਦਾ ਮੌਸਮ ਹੈ। ਇਸ ਬਰਸਾਤ ਨੇ ਕੂੜੇ ਨੂੰ ਹੋਰ ਵੀ ਸੁਣਾਉਣਾ ਹੈ ਅਤੇ ਇਸ ਨਾਲ ਬਿਮਾਰੀਆਂ ਫੈਲ ਸਕਦੀਆਂ ਹਨ। ਉਹਨਾਂ ਕਿਹਾ ਕਿ ਸ਼ਹਿਰ ਵਾਸੀ ਨੈਸ਼ਨਲ ਗਰੀਨ ਟਰਿਬਿਊਨਲ ਦਾ ਜਾਂ ਅਦਾਲਤਾਂ ਦੇ ਆਦੇਸ਼ਾਂ ਦੀ ਪਾਲਣਾ ਕਰਨ ਵਾਲੇ ਲੋਕ ਹਨ ਇਹ ਅਦਾਲਤਾਂ ਦਾ ਪੂਰਾ ਸਤਿਕਾਰ ਵੀ ਕਰਦੇ ਹਨ, ਪਰ ਇਹ ਮਾਮਲਾ ਇੱਕ ਦਿਨ ਵਿੱਚ ਇਨਾ ਨਹੀਂ ਵਿਗੜਿਆ ਸਗੋਂ ਅਧਿਕਾਰੀਆਂ ਦੀ ਲਾਪਰਵਾਹੀ ਦਾ ਨਤੀਜਾ ਹੈ ਜਿਨਾਂ ਨੇ ਸਭ ਕੁਝ ਪਤਾ ਹੁੰਦੇ ਹੋਏ ਵੀ ਇਸ ਦਾ ਹੱਲ ਕੱਢਣ ਲਈ ਡੱਕਾ ਤੱਕ ਨਹੀਂ ਤੋੜਿਆ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਕਿ ਇਸ ਮਾਮਲੇ ਵਿੱਚ ਜਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਉਹਨਾਂ ਕਿਹਾ ਕਿ ਮੋਹਾਲੀ ਵਿੱਚ ਗਮਾਡਾ ਦੇ ਅਧਿਕਾਰੀ ਜੋ ਲੱਖਾਂ ਰੁਪਏ ਤਨਖਾਹਾਂ ਲੈਂਦੇ ਹਨ ਅਤੇ ਜਿਨਾਂ ਨੇ ਨਵੇਂ ਨਵੇਂ ਸੈਕਟਰ ਤੇ ਕਲੋਨੀਆਂ ਵਸਾਈਆਂ ਹਨ, ਕਿੰਨੇ ਨਲਾਇਕ ਹਨ ਕਿ ਉਹਨਾਂ ਨੇ ਨਵੇਂ ਸੈਕਟਰਾਂ ਵਿੱਚ ਕੋਈ ਡੰਪਿੰਗ ਗਰਾਊਂਡ ਜਾਂ ਕੂੜਾ ਇਕੱਠਾ ਕਰਨ ਦੇ ਪੁਆਇੰਟ ਬਣਾਉਣ ਦੀ ਸੋਚੀ ਤੱਕ ਨਹੀਂ। ਉਨਾਂ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਲੋਕ ਲੋਕ ਇਹਨਾਂ ਸੋਸਾਇਟੀਆਂ ਅਤੇ ਨਵੇਂ ਸੈਕਟਰਾਂ ਵਿੱਚ ਰਹਿ ਰਹੇ ਹਨ ਜਿਨ੍ਹਾਂ ਨੇ ਆਪਣੀ ਹੁਣ ਪਸੀਨੇ ਦੀ ਮਿਹਨਤ ਦੀ ਕਮਾਈ ਜੋੜ ਕੇ ਆਪਣੇ ਰਹਿਣ ਬਸੇਰੇ ਮੋਹਾਲੀ ਵਿੱਚ ਬਣਾਏ ਹਨ। ਇਹਨਾਂ ਵਿੱਚ ਐਰੋ ਸਿਟੀ, ਆਈਟੀ ਸਿਟੀ ਸਮੇਤ ਟੀਡੀਆਈ ਤੇ ਹੋਰ ਪ੍ਰਾਈਵੇਟ ਕਲੋਨੀਆਂ ਅਤੇ ਸੁਸਾਇਟੀਆਂ ਹਨ। ਉਹਨਾਂ ਕਿਹਾ ਕਿ ਕਹਿਣ ਨੂੰ ਗਮਾਡਾ ਦੇ ਅਧਿਕਾਰੀਆਂ ਨੇ ਵਿਕਸਿਤ ਸ਼ਹਿਰ ਦੀ ਪਲੈਨਿੰਗ ਕੀਤੀ ਪਰ ਇਸ ਵਿਕਾਸ ਵਿੱਚ ਇਥੋਂ ਪੈਦਾ ਹੋਣ ਵਾਲੇ ਕੂੜੇ ਦੇ ਪ੍ਰਬੰਧ ਦਾ ਕੋਈ ਖਿਆਲ ਹੀ ਨਹੀਂ ਕੀਤਾ ਹੈ ਤੇ ਇਥੋਂ ਸਿੱਧੇ ਤੌਰ ਤੇ ਅਫਸਰਸ਼ਾਹੀ ਦੀ ਨਲਾਇਕੀ ਸਾਬਤ ਹੁੰਦੀ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸ਼ਹਿਰ ਵਾਸੀਆਂ ਅਤੇ ਕੌਂਸਲਰਾਂ ਨੂੰ ਕਿਹਾ ਕਿ ਕੋਈ ਸਿਆਸਤ ਦਾ ਮਸਲਾ ਨਹੀਂ ਹੈ। ਉਹਨਾਂ ਸਮੂਹ ਵੈਲਫੇਅਰ ਐਸੋਸੀਏਸ਼ਨ, ਕੌਂਸਲਰਾਂ ਅਤੇ ਲੋਕਾਂ ਨੂੰ ਬੇਨਤੀ ਕੀਤੀ ਕਿ ਇਸ ਮਸਲੇ ਦੇ ਹੱਲ ਲਈ ਜੇਕਰ ਸੰਘਰਸ਼ ਦੀ ਲੋੜ ਪੈਂਦੀ ਹੈ ਤਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਣ। ਉਹਨਾਂ ਕਿਹਾ ਕਿ ਅੱਜ ਦਿੱਲੀ ਦੀ ਇੱਕ ਕੈਬਨਟ ਮੰਤਰੀ ਕੇਂਦਰ ਸਰਕਾਰ ਦੇ ਖਿਲਾਫ ਪਾਣੀ ਦੇ ਮਸਲੇ ਨੂੰ ਲੈ ਕੇ ਭੁੱਖ ਹੜਤਾਲ ਉੱਤੇ ਬੈਠੀ ਹੈ ਕਿਉਂਕਿ ਉਹ ਦਿੱਲੀ ਵਾਸੀਆਂ ਦੇ ਪੀਣ ਵਾਲੇ ਪਾਣੀ ਦੇ ਮਸਲੇ ਨਾਲ ਜੁੜਿਆ ਹੈ ਤਾਂ ਇਸੇ ਤਰ੍ਹਾਂ ਉਹ ਵੀ ਮੋਹਾਲੀ ਸ਼ਹਿਰ ਦੇ ਵਸਨੀਕਾਂ ਲਈ ਭੁੱਖ ਹੜਤਾਲ ਉੱਤੇ ਬੈਠਣ ਤੋਂ ਗੁਰੇਜ਼ ਨਹੀਂ ਕਰਨਗੇ। ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਲੋਕ ਇਸ ਮਸਲੇ ਉੱਤੇ ਸੜਕਾਂ ਉੱਤੇ ਆ ਕੇ ਸੰਘਰਸ਼ ਲਈ ਤਿਆਰ ਬੈਠੇ ਹਨ ਇਸ ਲਈ ਇਸ ਮਸਲੇ ਦਾ ਫੌਰੀ ਤੌਰ ਤੇ ਹੱਲ ਕੀਤਾ ਜਾਵੇ। ਉਹਨਾਂ ਕਿਹਾ ਕਿ ਗਮਾਡਾ ਨਵੇਂ ਸੈਕਟਰਾਂ ਵਿੱਚ ਤੁਰੰਤ ਡੰਪਿੰਗ ਗਰਾਊਂਡ ਲਈ ਜਗ੍ਹਾ ਵੀ ਅਲਾਟ ਕਰੇ ਅਤੇ ਉੱਥੇ ਨਵੀਨਤਮ ਤਕਨੀਕ ਨਾਲ ਕੂੜੇ ਦੇ ਪ੍ਰਬੰਧ ਕਰਨ ਵਾਲੀਆਂ ਆਧੁਨਿਕ ਮਸ਼ੀਨਾਂ ਵੀ ਲਗਾਵੇ।