ਸਰਕਾਰ ਨੇ ਦਸਤਕਾਰੀ ਕੋਰਸਾਂ ਤੇ ਲੀਕ ਫੇਰਕੇ ਪੰਜਾਬ ਵਿਰੋਧੀ ਕਾਰਾ ਕੀਤਾ-ਪੁਰਖਾਲਵੀ

ਚੰਡੀਗੜ੍ਹ ਪੰਜਾਬ

ਰੋਜ਼ਗਾਰ ਦੀ ਬਜਾਏ ਸਰਕਾਰ ਜਵਾਨੀ ਨੂੰ ਬੇਰੋਜਗਾਰੀ ਪ੍ਰੋਸਣ ਲੱਗੀ-ਪਰਵਿੰਦਰ ਸੁਹਾਣਾ

ਜੋ ਜਵਾਨੀ ਬਰਬਾਦ ਕਰੇ-ਉਹ ਸਰਕਾਰ ਨਿਕੰਮੀ ਐ : ਪੁਰਖਾਲਵੀ
ਇਨਕਲਾਬੀ ਹਕੂਮਤ ਜਵਾਨੀ ਨੂੰ ਬੇਰੋਜਗਾਰੀ ਅਤੇ ਨਸ਼ਿਆਂ ਵਿੱਚ ਡੋਬਣ ਲਈ ਯਤਨਸ਼ੀਲ-ਪੁਰਖਾਲਵੀ।
ਡਰਟੀ ਨੀਟ ਪ੍ਰਤੀ ਪ੍ਰਦਰਸ਼ਨ ਕਰਨ ਵਾਲੀ ਹਕੂਮਤ ਖੁਦ ਡਰਟੀ ਮਾਹੌਲ ਸਿਰਜਣ ਵਿੱਚ ਲੱਗੀ-ਪੁਰਖਾਲਵੀ

ਮੁਹਾਲੀ 22 ਜੂਨ ,ਬੋਲੇ ਪੰਜਾਬ ਬਿਓਰੋ:
“ਸਿਹਤ ਅਤੇ ਸਿੱਖਿਆ ਦੇ ਵਿਸ਼ਵ ਪੱਧਰੀ ਦਿੱਲੀ ਮਾਡਲ ਦੀ ਤਰਜ਼ ਤੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਦੇ ਹਜ਼ਾਰਾਂ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਕੇ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧਕੇਲਣ ਲਈ ਯਤਨਸ਼ੀਲ ਹੈ ਜਿਸ ਦਾ ਖੁਲਾਸਾ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋਂ ਹਾਲ ਈ ਵਿੱਚ ਜਾਰੀ ਕੀਤੇ ਗਏ ਇੱਕ ਪੱਤਰ ਰਾਹੀਂ ਹੋਇਆ ਹੈ ਜਿਸ ਵਿੱਚ ਅਗਾਮੀ ਦਾਖਲਾ ਸੈਸ਼ਨ 2024-25 ਲਈ ਅਨੇਕਾਂ ਕਿੱਤਾ-ਮੁਖੀ ਕੋਰਸਾਂ ਨੂੰ ਬੰਦ ਕਰਨ ਦਾ ਨਾਦਰਸ਼ਾਹੀ ਹੁਕਮ ਜਾਰੀ ਕੀਤਾ ਗਿਆ ਹੈ, “ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਸ਼ਮਸ਼ੇਰ ਪੁਰਖਾਲਵੀ ਨੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਅਕਾਲੀ ਆਗੂ ਸ਼੍ਰੀ ਪੁਰਖਾਲਵੀ ਨੇ ਦੱਸਿਆ ਕਿ ਰਾਜ ਦੀਆਂ ਕਰੀਬ 150 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈਟੀਆਈਜ) ਵਿੱਚ ਵੱਖ-ਵੱਖ ਸਕੀਮਾਂ ਅਧੀਨ ਚਲਾਏ ਜਾ ਰਹੇ ਵੱਖ-ਵੱਖ ਕੋਰਸਾਂ ਵਿੱਚ 35 ਤੋਂ 40 ਹਜ਼ਾਰ ਸਿਖਿਆਰਥੀ ਕਿੱਤਾ ਮੁਖੀ ਕੋਰਸਾਂ ਵਿੱਚ ਟ੍ਰੇਨਿੰਗ ਲੈਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਤੱਤਕਾਲੀ ਹਕੂਮਤਾਂ ਵੱਲੋਂ ਸਿਖਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਮਿਆਰੀ ਟ੍ਰੇਨਿੰਗ ਦਿਵਾਉਣ ਲਈ ਯਤਨ ਕੀਤੇ ਜਾਂਦੇ ਰਹੇ ਹਨ। ਵਿਭਾਗ ਵਿੱਚ ਪਹਿਲਾਂ ਤੋਂ ਹੀ ਪੀਪੀਪੀ, ਐਨਸੀਵੀਟੀ, ਡੀਐਸਟੀ ਅਤੇ ਨਿਯੂ ਵੋਕੇਸ਼ਨਲ ਟ੍ਰੇਨਿੰਗ ਫਾਰ ਐਸਸੀ ਸਟੂਡੈਂਟਸ ਲਈ ਚੱਲ ਰਹੀਆਂ ਸਕੀਮਾਂ ਅਧੀਨ ਹਜ਼ਾਰਾਂ ਸਿਖਿਆਰਥੀ ਵੈਲਡਰ, ਕਾਰਪੈਂਟਰ, ਡਰਾਫਟਸਮੈਨ, ਕੰਪਿਊਟਰ, ਟਰਨਰ, ਮਸ਼ੀਨਿਸ਼ਟ, ਸਿਲਾਈ-ਕਢਾਈ, ਬਿਊਟੀ ਪਾਰਲਰ, ਸਟੈਨੋ, ਫਿਟਰ, ਟਰੈਕਟਰ ਮਕੈਨਿਕ, ਮੋਟਰ ਮਕੈਨਿਕ, ਪਲੰਬਰ ਅਤੇ ਪੇਂਟਰ ਆਦਿ ਜਿਹੀਆਂ ਲਾਹੇਵੰਦ ਟਰੇਡਾਂ ਵਿੱਚ ਮੁਹਾਰਤ ਹਾਸਲ ਕਰਕੇ ਸਰਕਾਰੀ ਤੇ ਪ੍ਰਾਈਵੇਟ ਨੌਕਰੀ ਦੇ ਨਾਲ-ਨਾਲ ਆਪਣਾ ਸਵੈਰੋਜਗਾਰ ਚਲਾਉਣ ਦੇ ਸਮਰੱਥ ਬਣਦੇ ਆ ਰਹੇ ਹਨ ਜਿਨ੍ਹਾਂ ਵਿੱਚ ਵਿਭਾਗ ਦੇ ਤੱਤਕਾਲੀ ਪ੍ਰਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾ ਆਈਏਐਸ ਵੱਲੋਂ ਵਿਆਪਕ ਸੁਧਾਰ ਕੀਤੇ ਗਏ ਸਨ ਪ੍ਰੰਤੂ ਮੌਜੂਦਾ ਹਕੂਮਤ ਨੇ ਕਈ ਲਾਹੇਵੰਦ ਕੋਰਸ ਬੰਦ ਕਰਨ ਦੇ ਨਾਦਰਸ਼ਾਹੀ ਹੁਕਮ ਜਾਰੀ ਕਰਕੇ ਜਿੱਥੇ ਅਨੇਕਾਂ ਇੰਸਟਰਕਟਰਾਂ ਨੂੰ ਬੇਰੋਜਗਾਰੀ ਦੇ ਰਾਹ ਤੋਰਿਆ ਹੈ, ਉਥੇ ਹਜ਼ਾਰਾਂ ਸਿਖਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰਕੇ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਦਾ ਕੋਝਾ ਯਤਨ ਵੀ ਕੀਤਾ ਹੈ। ਹਕੂਮਤ ਦੇ ਇਸ ਲੋਕ ਵਿਰੋਧੀ ਕਾਰੇ ਦਾ ਸ਼੍ਰੋਮਣੀ ਅਕਾਲੀ ਸਖਤ ਵਿਰੋਧ ਕਰਦਾ ਹੈ।
ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਰਾਜ ਵਿੱਚ ਵਿਆਪਕ ਪੱਧਰ ਤੇ ਫੈਲੇ ਨਸ਼ਿਆਂ ਦੇ ਤੰਦੂਆ ਜਾਲ ਨੂੰ ਤੋੜਨ ਲਈ ਵਿਊਂਤਬੰਦੀ ਕਰਨ ਦਾ ਪ੍ਰਪੰਚ ਰਚ ਰਹੀ ਹੈ ਜਦਕਿ ਅੰਦਰਖਾਤੇ ਜਵਾਨੀ ਨੂੰ ਵਿਹਲੀ ਕਰਕੇ ਲੁਕਵੇਂ ਢੰਗ ਨਾਲ ਉਨ੍ਹਾਂ ਨੂੰ ਨਸ਼ਿਆਂ ਵੱਲ ਧੱਕਣ ਲਈ ਯਤਨਸ਼ੀਲ ਹੈ, ਜਿਹੜਾ ਕਿ ਪੰਜਾਬ ਦੇ ਭਵਿੱਖ ਲਈ ਤਬਾਹਕੁੰਨ ਸਾਬਿਤ ਹੋਵੇਗਾ।
ਇਸ ਮੌਕੇ ਹਾਜ਼ਰ ਵਿਧਾਨ ਸਭਾ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੁਹਾਣਾ ਨੇ ਕਿਹਾ ਕਿ ਇੱਕ ਪਾਸੇ ਸਰਕਾਰ 45 ਹਜ਼ਾਰ ਨੌਕਰੀਆਂ ਦੇਣ ਦਾ ਦਾਅਵਾ ਕਰਦੀ ਹੈ ਦੂਜੇ ਪਾਸੇ ਜਵਾਨੀ ਹੱਥੋਂ ਰੋਜ਼ਗਾਰ ਖੋਹਕੇ ਲੋਕਾਂ ਦੇ ਚੁੱਲ੍ਹਿਆਂ ਨੂੰ ਠੰਢਾ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਗਹਿਰੀ ਸੱਟ ਵੱਜਣੀ ਸੁਭਾਵਿਕ ਹੈ ਕਿਉਂਕਿ ਸਵੈਰੋਜਗਾਰ ਅਰਥਚਾਰੇ ਲਈ ਰੀੜ੍ਹ ਦੀ ਹੱਡੀ ਦਾ ਕੰਮ ਕਰਦਾ ਹੈ।
ਸ਼੍ਰੀ ਪੁਰਖਾਲਵੀ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਵੱਖ-ਵੱਖ ਕੋਰਸਾਂ ਨੂੰ ਬੰਦ ਕਰਨ ਸੰਬੰਧੀ ਜਾਰੀ ਕੀਤੇ ਗਏ ਵਿਭਾਗੀ ਪੱਤਰ ਤੁਰੰਤ ਵਾਪਸ ਲੈਕੇ ਇਸ ਵਿੱਚ ਪੁਰਾਣੇ ਕੋਰਸਾਂ ਦੇ ਨਾਲ-ਨਾਲ ਸਮੇਂ ਦੇ ਹਾਣੀ ਨਵੇਂ ਕੋਰਸ ਚਲਾਉਣ ਲਈ ਚਾਰਾਜੋਈ ਕੀਤੀ ਜਾਵੇ ਕਿਉਂਕਿ ਨੌਜਵਾਨੀ ਦੇਸ਼ ਦਾ ਵਡਮੁੱਲਾ ਤੇ ਅਹਿਮ ਸਰਮਾਇਆ ਹੈ ਜਿਹੜਾ ਤੁਹਾਡੇ ਸੁਪਨਿਆਂ ਦੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਸਹਾਇਕ ਹੋਣ ਦੀ ਸਮਰੱਥਾ ਰੱਖਦਾ ਹੈ। ਸ਼੍ਰੀ ਪੁਰਖਾਲਵੀ ਨੇ ਅੰਤ ਵਿੱਚ ਵਿਭਾਗ ਵਿੱਚ ਫੈਲੇ ਕਥਿਤ ਭ੍ਰਿਸ਼ਟਾਚਾਰ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਦੀ ਵੀ ਮੰਗ ਕੀਤੀ। ਇਸ ਮੌਕੇ ਪੁਰਖਾਲਵੀ ਤੋਂ ਇਲਾਵਾ ਜ਼ਿਲ੍ਹਾ ਜਥੇਦਾਰ, ਪਰਵਿੰਦਰ ਸਿੰਘ ਸੁਹਾਣਾ, ਜਸਵੀਰ ਸਿੰਘ ਜੱਸਾ ਚੇਅਰਮੈਨ, ਤਰਸੇਮ ਸਿੰਘ ਗੰਧੋਂ, ਜ਼ਿਲ੍ਹਾ ਆਗੂ ਡਾ: ਹਰਪ੍ਰੀਤ ਸਿੰਘ ਮੌਜਪੁਰ, ਸੋਹਣ ਸਿੰਘ ਜੁਝਾਰ ਨਗਰ ਅਤੇ ਪੰਚ ਜਰਨੈਲ ਸਿੰਘ ਬਲੌਂਗੀ ਹਾਜ਼ਰ ਸਨ।

Leave a Reply

Your email address will not be published. Required fields are marked *