ਫਿਰੋਜਪੁਰ, 22 ਜੂਨ, ਬੋਲੇ ਪੰਜਾਬ ਬਿਓਰੋ:
ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਬਾਹਰ ਹੋਈ ਗੋਲੀਬਾਰੀ ਵਿੱਚ ਕਾਂਗਰਸੀ ਆਗੂ ਲਲਿਤ ਪਾਸੀ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਦਯਾਨੰਦ ਮੈਡੀਕਲ ਕਾਲਜ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਹੈ। ਫ਼ਿਰੋਜ਼ਪੁਰ ਦੇ ਐਸਪੀ ਰਣਧੀਰ ਕੁਮਾਰ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਲਲਿਤ ਕੁਮਾਰ ਜ਼ਖ਼ਮੀ ਹੋ ਗਿਆ। ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਾਂਚ ਜਾਰੀ ਹੈ।
ਪੀੜਤ ਲਲਿਤ ਪਾਸੀ ਪੁੱਤਰ ਜਵਾਲਾ ਪ੍ਰਸਾਦ ਵਾਸੀ ਖਟੀਕ ਮੰਡੀ ਫ਼ਿਰੋਜ਼ਪੁਰ ਕੈਂਟ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਦੇਰ ਸ਼ਾਮ ਉਹ ਆਪਣੇ ਦੋਸਤ ਰਵੀ ਨੂੰ ਲੈਣ ਲਈ ਕੇਂਦਰੀ ਜੇਲ੍ਹ ਦੇ ਬਾਹਰ ਖੜ੍ਹਾ ਸੀ ਕਿਉਂਕਿ ਰਵੀ ਜ਼ਮਾਨਤ ‘ਤੇ ਜੇਲ੍ਹ ‘ਚੋਂ ਰਿਹਾਅ ਹੋ ਰਿਹਾ ਸੀ।
ਪੀੜਤ ਆਪਣੇ ਦੋਸਤਾਂ ਕਰਨ ਅਤੇ ਲਵ ਨਾਲ ਇਨੋਵਾ ਕਾਰ ‘ਚ ਸਵਾਰ ਸੀ। ਫਿਰ ਫ਼ਿਰੋਜ਼ਪੁਰ ਛਾਉਣੀ ਦੇ ਰਹਿਣ ਵਾਲੇ ਨੰਨਾ, ਸਲੀਮ ਅਤੇ ਅਜੈ ਜੋਸ਼ੀ ਫ਼ਿਰੋਜ਼ਪੁਰ ਸ਼ਹਿਰ ਤੋਂ ਬੁਲਟ ਮੋਟਰਸਾਈਕਲ ‘ਤੇ ਆਏ, ਜਿਨ੍ਹਾਂ ਨੂੰ ਪੀੜਤ ਪਹਿਲਾਂ ਤੋਂ ਜਾਣਦਾ ਸੀ।ਜਿਉਂ ਹੀ ਮੁਲਜ਼ਮ ਨੇੜੇ ਆਏ ਤਾਂ ਉਨ੍ਹਾਂ ਨੇ ਦੋ ਪਿਸਤੌਲਾਂ ਨਾਲ ਉਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚੋਂ ਇੱਕ ਗੋਲੀ ਉਸ ਦੇ ਪੇਟ ਵਿੱਚ ਅਤੇ ਦੂਜੀ ਉਸ ਦੇ ਪੱਟ ਵਿੱਚ ਲੱਗੀ, ਗੋਲੀਆਂ ਚਲਾਉਣ ਮਗਰੋਂ ਮੁਲਜ਼ਮ ਮੌਕੇ ਤੋਂ ਫ਼ਿਰੋਜ਼ਪੁਰ ਛਾਉਣੀ ਵੱਲ ਭੱਜ ਗਏ।