ਨੀਟ ਘੁਟਾਲੇ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਕੀਤਾ ਭਾਜਪਾ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ ,ਬੋਲੇ ਪੰਜਾਬ ਬਿਓਰੋ: – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਲ ਹੀ ਵਿੱਚ ਹੋਏ ਨੀਟ ਪ੍ਰੀਖਿਆ ਘੁਟਾਲੇ ਅਤੇ ਯੂ.ਜੀ.ਸੀ.-ਨੈੱਟ ਪ੍ਰੀਖਿਆ ਨੂੰ ਅਚਾਨਕ ਰੱਦ ਕੀਤੇ ਜਾਣ ਦੇ ਮੱਦੇਨਜ਼ਰ ਮੌਜੂਦਾ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਅੱਜ ਇੱਕ ਮਹੱਤਵਪੂਰਨ ਪ੍ਰਦਰਸ਼ਨ ਦੀ ਅਗਵਾਈ ਕੀਤੀ। ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਭਵਨ ਦੇ ਬਾਹਰ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਵਿੱਚ ਭਾਜਪਾ ਸਰਕਾਰ ਦੀ ਅਯੋਗਤਾ ਵਿਰੁੱਧ ਇੱਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ।

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨੌਜਵਾਨਾਂ ਦੇ ਹਿੱਤਾਂ ਦੀ ਰਾਖੀ ਕਰਨ ‘ਚ ਨਾਕਾਮ ਰਹਿਣ ਲਈ ਭਾਜਪਾ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ “ਭਾਜਪਾ ਸਰਕਾਰ ਦੀ ਅਯੋਗਤਾ ਕਾਰਨ ਸਾਡੇ ਨੌਜਵਾਨਾਂ ਦਾ ਭਵਿੱਖ ਖਤਰੇ ਵਿੱਚ ਪੈ ਰਿਹਾ ਹੈ। ਵਿਦਿਆਰਥੀਆਂ ਦੇ ਭਵਿੱਖ ਲਈ ਅਹਿਮ ਪ੍ਰੀਖਿਆ ਨੀਟ ਦੀ ਸਾਲਾਂ ਤੋਂ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਮਿਹਨਤ ਨੂੰ ਖੋਰਾ ਲਾਇਆ ਗਿਆ ਹੈ। ਇਸ ਸਰਕਾਰ ਨੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ।

ਵੜਿੰਗ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਨੌਜਵਾਨਾਂ ਅਤੇ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਪੇਪਰ ਲੀਕ ਨੂੰ ਰੋਕਣ ਨੂੰ ਇੱਕ ਮਿਸ਼ਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵੱਖ-ਵੱਖ ਸੂਬਿਆਂ ਦੇ ਹੈੱਡਕੁਆਰਟਰਾਂ ‘ਤੇ ਵੀ ਇਸੇ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜੋ ਭਾਜਪਾ ਸਰਕਾਰ ਦੇ ਸਿੱਖਿਆ ਪ੍ਰਣਾਲੀ ਨਾਲ ਨਜਿੱਠਣ ਪ੍ਰਤੀ ਵਿਆਪਕ ਅਸੰਤੁਸ਼ਟੀ ਨੂੰ ਦਰਸਾਉਂਦੇ ਹਨ।

ਕਾਂਗਰਸ ਪ੍ਰਧਾਨ ਨੇ ਕਿਹਾ “ਸਾਨੂੰ ਆਪਣੀ ਲੜਾਈ ਜਾਰੀ ਰੱਖਣੀ ਚਾਹੀਦੀ ਹੈ ਕਿਉਂਕਿ ਇਹ ਮੁੱਦਾ ਸਿਰਫ ਨੀਟ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦਾ ਹੀ ਨਹੀਂ, ਬਲਕਿ ਪੂਰੇ ਦੇਸ਼ ਦੇ ਭਵਿੱਖ ਨਾਲ ਸੰਬੰਧਿਤ ਹੈ। ਸਰਕਾਰ ਵਾਰ-ਵਾਰ ਰਾਸ਼ਟਰ ਨੂੰ ਅਸਫਲ ਕਰ ਰਹੀ ਹੈ, ਭਾਵੇਂ ਇਹ ਲੋਕਤੰਤਰ ਨੂੰ ਕਮਜ਼ੋਰ ਕਰਕੇ, ਕਿਸਾਨਾਂ ਨੂੰ ਨਜ਼ਰਅੰਦਾਜ਼ ਕਰਕੇ, ਮੀਡੀਆ ਦੀ ਆਜ਼ਾਦੀ ਨੂੰ ਦਬਾਉਣ ਨਾਲ ਤੇ ਹੁਣ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰਕੇ ਕਰ ਰਹੀ ਹੈ।

ਵੜਿੰਗ ਨੇ ਅੱਜ ਤੱਕ ਲੀਕ ਹੋਈਆਂ 41 ਵੱਖ-ਵੱਖ ਪ੍ਰੀਖਿਆਵਾਂ ਦਾ ਹਵਾਲਾ ਦਿੰਦੇ ਹੋਏ ਭਾਜਪਾ ਸਰਕਾਰ ਦੇ ਅਧੀਨ ਪ੍ਰੀਖਿਆ ਲੀਕ ਦੇ ਵੱਧ ਰਹੇ ਚਿੰਤਾਜਨਕ ਮਾਮਲਿਆਂ ਵੱਲ ਇਸ਼ਾਰਾ ਕੀਤਾ ਹੈ। ਉਨ੍ਹਾਂ ਕਿਹਾ, “ਕੀ ਇਹ ਸਾਡੀ ਸਿੱਖਿਆ ਪ੍ਰਣਾਲੀ ਦੀ ਅਖੰਡਤਾ ਹੈ? ਇਸ ਦੀ ਜਾਂਚ ਜ਼ਰੂਰੀ ਹੈ ਕਿਉਂਕਿ ਅਣਗਿਣਤ ਨੌਜਵਾਨਾਂ ਦੇ ਸੁਪਨੇ ਚੂਰ-ਚੂਰ ਹੋ ਗਏ ਹਨ। ਅਸੀਂ ਹਮੇਸ਼ਾ ਦੇਸ਼ ਅਤੇ ਪੰਜਾਬ ਦੀ ਬਿਹਤਰੀ ਲਈ ਲੜਦੇ ਰਹਾਂਗੇ, ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਆਪਣੀ ਆਵਾਜ਼ ਬੁਲੰਦ ਕਰਦੇ ਰਹਾਂਗੇ।”

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਇਹ ਧਰਨਾ ਭਾਜਪਾ ਪੰਜਾਬ ਹੈੱਡਕੁਆਰਟਰ ਵੱਲ ਵਧਿਆ ਪਰ ਪੁਲਿਸ ਵੱਲੋਂ ਰੋਕ ਦਿੱਤਾ ਗਿਆ, ਜਿਸ ਕਾਰਨ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਉਨ੍ਹਾਂ ਅੱਗੇ ਕਿਹਾ “ਪੁਲਿਸ ਨੇ ਸਾਡੇ ਸ਼ਾਂਤਮਈ ਪ੍ਰਦਰਸ਼ਨ ਨੂੰ ਰੋਕਿਆ ਅਤੇ ਹਾਜ਼ਰ ਸਾਰੇ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪਰ ਫਿਰ ਵੀ ਲੋਕਾਂ ਦੀ ਆਵਾਜ਼ ਨੂੰ ਜਬਰਦਸਤੀ ਬੰਦ ਨਹੀਂ ਕੀਤਾ ਜਾ ਸਕਦਾ। ਪੰਜਾਬ ਕਾਂਗਰਸ ਪੰਜਾਬ ਅਤੇ ਦੇਸ਼ ਦੇ ਲੋਕਾਂ ਦੇ ਹੱਕਾਂ ਦੀ ਲੜਾਈ ਜਾਰੀ ਰੱਖੇਗੀ। ਇਹ ਰੁਕਾਵਟਾਂ ਸਾਨੂੰ ਰੋਕ ਨਹੀਂ ਸਕਣਗੀਆਂ। ਜਦੋਂ ਤੱਕ ਸਾਡੇ ਨੌਜਵਾਨਾਂ ਨੂੰ ਇਨਸਾਫ਼ ਨਹੀਂ ਮਿਲਦਾ, ਅਸੀਂ ਭਾਜਪਾ ਦੀ ਅਯੋਗਤਾ ਦੇ ਖਿਲਾਫ ਆਪਣੇ ਵਿਰੋਧ ਪ੍ਰਦਰਸ਼ਨ ਨੂੰ ਜਾਰੀ ਰੱਖਾਂਗੇ।

ਇਸ ਰੋਸ ਮੁਜ਼ਾਹਰੇ ਵਿੱਚ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਜੀ, ਸਾਬਕਾ ਸਪੀਕਰ ਅਤੇ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਕੇਪੀ ਜੀ, ਸੰਸਦ ਮੈਂਬਰ ਪਟਿਆਲਾ ਡਾ. ਧਰਮਵੀਰ ਗਾਂਧੀ ਜੀ, ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ ਜੀ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਜੀ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਜੀ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਜੀ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਜੀ, ਸਾਬਕਾ ਵਿਧਾਇਕ ਸੁਖਪਾਲ ਭੁੱਲਰ ਜੀ, ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਜੀ, ਸ੍ਰ ਸਿਮਰਜੀਤ ਸਿੰਘ ਬੈਂਸ ਜੀ, ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਜੀ, ਅਤੇ NSUI ਪੰਜਾਬ ਦੇ ਪ੍ਰਧਾਨ ਸ. ਈਸ਼ਰਪ੍ਰੀਤ ਸਿੰਘ ਸਿੱਧੂ ਜੀ ਸਮੇਤ ਪ੍ਰਮੁੱਖ ਆਗੂ ਸ਼ਾਮਲ ਹੋਏ।

Leave a Reply

Your email address will not be published. Required fields are marked *