ਸ਼੍ਰੀਨਗਰ, 22 ਜੂਨ, ਬੋਲੇ ਪੰਜਾਬ ਬਿਓਰੋ:
ਭਾਰਤੀ ਫੌਜ ਅਤੇ ਸੰਯੁਕਤ ਸੁਰੱਖਿਆ ਬਲਾਂ ਨੇ ਅੱਜ ਸ਼ਨੀਵਾਰ ਨੂੰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਉੜੀ ਦੇ ਗੋਹਲਾਨ ਖੇਤਰ ‘ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਉੜੀ ਨੇੜੇ ਦੋ ਅੱਤਵਾਦੀਆਂ ਨੂੰ ਮਾਰਨ ‘ਚ ਵੀ ਸਫਲਤਾ ਹਾਸਲ ਕੀਤੀ ਹੈ। ਇਹ ਦੋਵੇਂ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ। ਫਿਲਹਾਲ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ।
ਫਿਲਹਾਲ ਮਾਰੇ ਗਏ ਅੱਤਵਾਦੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸੁਰੱਖਿਆ ਬਲ ਇਨ੍ਹਾਂ ਦੀ ਪਛਾਣ ਕਰਨ ‘ਚ ਲੱਗੇ ਹੋਏ ਹਨ। ਇਸ ਤੋਂ ਪਹਿਲਾਂ 21 ਜੂਨ ਬੁੱਧਵਾਰ ਨੂੰ ਬਾਰਾਂਮੁਲਾ ‘ਚ ਸੁਰੱਖਿਆ ਬਲਾਂ ਨੇ ਇਕ ਮੁਕਾਬਲੇ ‘ਚ ਦੋ ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਇਹ ਦੋਵੇਂ ਤਸ਼ਕਰ-ਏ-ਤੋਇਬਾ ਨਾਲ ਜੁੜੇ ਹੋਏ ਸਨ।