ਉਦਯੋਗਪਤੀਆਂ, ਮਹਿਲਾ ਉੱਦਮੀਆਂ ਅਤੇ ਸਰਕਾਰੀ ਅਧਿਕਾਰੀਆਂ ਨੇ ਕੀਤਾ ਯੋਗ
ਚੰਡੀਗੜ੍ਹ 21 ਜੂਨ,ਬੋਲੇ ਪੰਜਾਬ ਬਿਓਰੋ: ਪੀਐੱਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਥਾਨਕ ਸੈਕਟਰ-31 ਸਥਿਤ ਪੀਐੱਚਡੀ ਹਾਊਸ ਵਿਖੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਯੋਗਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ।
ਭਾਗ ਲੈਣ ਵਾਲਿਆਂ ਦਾ ਸੁਆਗਤ ਕਰਦੇ ਹੋਏ ਪੀਐੱਚਡੀਸੀਸੀਆਈ ਸ਼ੀ ਫੋਰਮ ਦੀ ਪ੍ਰਧਾਨ ਐਡਵੋਕੇਟ ਪੂਜਾ ਨਾਇਰ ਨੇ ਇਸ ਸਾਲ ਦੇ ਯੋਗਾ ਥੀਮ ‘ਸਵੈ ਅਤੇ ਸਮਾਜ ਲਈ ਯੋਗ’ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਸਾਨੂੰ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਕੇ ਨਾ ਸਿਰਫ਼ ਖੁਦ ਯੋਗ ਕਰਨਾ ਚਾਹੀਦਾ ਹੈ, ਸਗੋਂ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ’ਚ ਸ਼ਾਮਲ ਕਰਨਾ ਚਾਹੀਦਾ, ਤਾਂ ਹੀ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕਦੀ ਹੈ।
ਪ੍ਰਮਾਣਿਤ ਯੋਗਾ ਇੰਸਟ੍ਰਕਟਰ ਅਤੇ ਸੰਸਥਾਪਕ ਡਾ. ਵਿਭਾ ਬਾਵਾ ਓਜਸ ਫਿਟਨੈਸ ਐਂਡ ਐਜੂਕੇਸ਼ਨਲ ਸੈਂਟਰ ਅਤੇ ਸ਼ੀ-ਫੋਰਮ ਸੰਚਾਲਨ ਕਮੇਟੀ ਦੀ ਮੈਂਬਰ ਡਾ. ਵਿਭਾ ਬਾਵਾ ਨੇ ਕਿਹਾ ਕਿ ਯੋਗ ਦਾ ਲਗਾਤਾਰ ਅਭਿਆਸ ਕਰਨ ਨਾਲ ਲਚਕਤਾ, ਤਾਕਤ ਅਤੇ ਮੁਦਰਾ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਭਾਗੀਦਾਰਾਂ ਦਾ ਹਲਕੇ ਵਾਰਮ-ਅੱਪ ਅਭਿਆਸ ਅਤੇ ਯੋਗ ਆਸਣਾਂ ਦੀ ਲੜੀ ਰਾਹੀਂ ਮਾਰਗਦਰਸ਼ਨ ਕੀਤਾ। ਯੋਗ ਸੈਸ਼ਨ ਦੀ ਸਮਾਪਤੀ ਸ਼ਾਂਤੀ ਅਤੇ ਮਾਨਸਿਕ ਸਪੱਸ਼ਟਤਾ ਦੀ ਅਵਸਥਾ ਪ੍ਰਾਪਤ ਕਰਨ ਲਈ ਇੱਕ ਛੋਟੇ ਧਿਆਨ ਨਾਲ ਹੋਈ। ਯੋਗ ਸੈਸ਼ਨ ਦੀ ਸਮਾਪਤੀ ‘ਤੇ ਪੀਐੱਚਡੀਸੀਸੀਆਈ ਦੇ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਨੇ ਰੋਜ਼ਾਨਾ ਜੀਵਨ ਵਿੱਚ ਯੋਗਾ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ।