ਮੋਹਾਲੀ, 19 ਜੂਨ, ਬੋਲੇ ਪੰਜਾਬ ਬਿਓਰੋ: ਕਿਡਨੀ ਕੈਂਸਰ, ਜਿਸ ਨੂੰ ਰੀਨਲ ਕੈਂਸਰ ਵੀ ਕਿਹਾ ਜਾਂਦਾ ਹੈ, ਇੱਕ ਪੁਰਾਣੀ ਬਿਮਾਰੀ ਹੈ ਜੋ ਕਿ ਕਿਡਨੀ ਵਿੱਚ ਸ਼ੁਰੂ ਹੁੰਦੀ ਹੈ ਅਤੇ ਆਮ ਤੌਰ ’ਤੇ ਉਦੋਂ ਹੁੰਦੀ ਹੈ ਜਦੋਂ ਸੈੱਲ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ। ਬਿਮਾਰੀ ਅਤੇ ਇਸ ਨਾਲ ਜੁੜੀਆਂ ਪੇਚੀਦਗੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ, ਵਿਸ਼ਵ ਕਿਡਨੀ ਕੈਂਸਰ ਦਿਵਸ ਹਰ ਸਾਲ ਜੂਨ ਦੇ ਤੀਜੇ ਵੀਰਵਾਰ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ, ਇਸ ਸਾਲ ਦਾ ਵਿਸ਼ਾ ਹੈ ‘ਸੁਣਨਾ’ – ਜੋ ਲੋਕਾਂ ਨੂੰ ਜਾਗਰੁਕ ਕਰਨ ਦੇ ਲਈ ਸਾਂਝੇ ਫੈਸਲੇ ਲੈਣ ਦੀ ਮਹੱਤਤਾ ਨੂੰ ਦਰਸਾਉਂਦਾ ਹੈ।
ਡਾ. ਧਰਮਿੰਦਰ ਅਗਰਵਾਲ, ਕੰਸਲਟੈਂਟ, ਯੂਰੋ-ਆਨਕੋਲੋਜੀ ਅਤੇ ਰੋਬੋਟਿਕ ਸਰਜਰੀ, ਫੋਰਟਿਸ ਹਸਪਤਾਲ, ਮੋਹਾਲੀ, ਨੇ ਕਿਡਨੀ ਕੈਂਸਰ, ਇਸਦੇ ਕਾਰਨਾਂ, ਚੇਤਾਵਨੀ ਸੰਕੇਤਾਂ ਅਤੇ ਸਿਹਤ ਸਲਾਹ ਦੁਆਰਾ ਰੋਕਥਾਮ ਬਾਰੇ ਚਾਨਣਾ ਪਾਇਆ।
ਡਾ. ਅਗਰਵਾਲ ਨੇ ਦੱਸਿਆ ਕਿ ਕਿਡਨੀ ਦਾ ਮੁੱਖ ਕੰਮ ਖੂਨ ਵਿੱਚੋਂ ਰਹਿੰਦ-ਖੂੰਹਦ ਨੂੰ ਫਿਲਟਰ ਕਰਨਾ ਹੈ, ‘‘ਕਿਡਨੀ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਆਦਿ ਦੇ ਇਲੈਕਟਰੋਲਾਈਟ ਪੱਧਰਾਂ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰਦੀ ਹੈ। ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਸਥਿਰ ਰੱਖਣ ਅਤੇ ਲਾਲ ਖੂਨ ਦੇ ਸੈੱਲਾਂ ਨੂੰ ਪੈਦਾ ਕਰਨ ਵਿੱਚ ਮਦਦ ਕਰਦੀ ਹੈ। ਹਾਲਾਂਕਿ, ਕਈ ਵਾਰ ਕਿਡਨੀਆਂ ਵਿੱਚ ਅਸਧਾਰਨ ਵਾਧਾ ਜਾਂ ਟਿਊਮਰ ਹੋ ਜਾਂਦੇ ਹਨ। ਜਦੋਂ ਕਿ ਕੁੱਝ ਕਿਡਨੀ ਪੁੰਜ (ਕੈਂਸਰ ਵਾਲੇ ਨਹੀਂ) ਹੁੰਦੇ ਹਨ, ਕੁੱਝ ਖਤਰਨਾਕ (ਕੈਂਸਰ) ਹੁੰਦੇ ਹਨ।’’
ਚੇਤਾਵਨੀ ਸੰਕੇਤਾਂ ਬਾਰੇ ਦੱਸਦਿਆਂ ਡਾ. ਅਗਰਵਾਲ ਨੇ ਦੱਸਿਆ ਕਿ ਪਿਸ਼ਾਬ ਵਿੱਚ ਖੂਨ ਆਉਣਾ (ਹੀਮੇਟੂਰੀਆ), ਪੇਟ ਵਿੱਚ ਦਰਦ ਅਤੇ ਸੋਜ, ਪੇਟ ਵਿੱਚ ਗੰਢ, ਲਗਾਤਾਰ ਥਕਾਵਟ, ਬਿਨਾਂ ਕਿਸੇ ਕਾਰਨ ਭਾਰ ਘਟਣਾ, ਸਰਦੀ ਜਾਂ ਫਲੂ ਦੇ ਕਾਰਨ ਨਾ ਹੋਣ ਵਾਲਾ ਬੁਖਾਰ ਦੇ ਲੱਛਣ ਹੋ ਸਕਦੇ ਹਨ।
ਕਿਡਨੀ ਕੈਂਸਰ ਦੇ ਇਲਾਜ ਲਈ ਵਿਧੀਆਂ ’ਤੇ ਚਰਚਾ ਕਰਦੇ ਹੋਏ, ਡਾ. ਅਗਰਵਾਲ ਨੇ ਕਿਹਾ, ‘‘ਕਿਡਨੀ ਦੇ ਕੈਂਸਰ ਦਾ ਮੁੱਖ ਇਲਾਜ ਸਰਜਰੀ ਹੈ। ਪਰ ਕੱੁਝ ਮਾਮਲਿਆਂ ਵਿੱਚ, ਕੀਮੋਥੈਰੇਪੀ ਅਤੇ ਰੇਡੀਏਸ਼ਨ ਥੈਰੇਪੀ ਦੀ ਲੋੜ ਹੋ ਸਕਦੀ ਹੈ। ਕੈਂਸਰ ਦੇ ਫੈਲਣ ਦਾ ਪਤਾ ਲਗਾਉਣ ਲਈ ਆਮ ਤੌਰ ਤੇ ਸੀਟੀ ਸਕੈਨ ਅਤੇ ਛਾਤੀ ਦਾ ਐਕਸ-ਰੇ ਕਰਵਾਇਆ ਜਾਂਦਾ ਹੈ।’’
ਉਨ੍ਹਾਂ ਦੱਸਿਆ ਕਿ ਸਰਜਨ ਟਿਊਮਰ ਨਾਲ ਪ੍ਰਭਾਵਿਤ ਕਿਡਨੀ ਦੇ ਹਿੱਸੇ ਨੂੰ ਕੱਢ ਦਿੰਦਾ ਹੈ ਅਤੇ ਸਿਹਤਮੰਦ ਹਿੱਸੇ ਨੂੰ ਬਰਕਰਾਰ ਰੱਖਦਾ ਹੈ। ਅੰਸ਼ਕ ਨੈਫਰੈਕਟੋਮੀ ਆਮ ਤੌਰ ’ਤੇ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਡਨੀ ਟਿਊਮਰ ਫੈਲਿਆ ਨਹੀਂ ਹੁੰਦਾ, ਜਦੋਂ ਕਿ ਰੈਡੀਕਲ ਨੈਫਰੈਕਟੋਮੀ ਵਿੱਚ ਸਰਜਨ ਪੂਰੀ ਕਿਡਨੀ ਨੂੰ ਹਟਾ ਦਿੰਦਾ ਹੈ ਅਤੇ ਇਸਦੇ ਆਲੇ ਦੁਆਲੇ ਦੇ ਲਿੰਫ ਨੋਡਾਂ ਨੂੰ ਵੀ ਹਟਾ ਸਕਦਾ ਹੈ। ਜੇਕਰ ਕਿਡਨੀ ਦਾ ਟਿਊਮਰ ਵੱਡਾ ਹੈ ਤਾਂ ਇਸ ਪ੍ਰਕਿਰਿਆ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਇਸ ਬਿਮਾਰੀ ਤੋਂ ਆਪਣੇ ਆਪ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ, ਇਸ ਬਾਰੇ ਡਾ. ਅਗਰਵਾਲ ਨੇ ਕਿਹਾ, ‘‘ਹਾਲਾਂਕਿ ਕਿਡਨੀ ਕੈਂਸਰ ਨੂੰ ਰੋਕਿਆ ਨਹੀਂ ਜਾ ਸਕਦਾ ਹੈ, ਪਰ ਕੁੱਝ ਉਪਾਅ ਅਪਣਾ ਕੇ ਇਸ ਬਿਮਾਰੀ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ। ਇਹਨਾਂ ਵਿੱਚ ਸਿਗਰਟਨੋਸ਼ੀ ਤੋਂ ਪਰਹੇਜ਼ ਕਰਨਾ, ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ, ਸਾਲ ਵਿੱਚ ਇੱਕ ਵਾਰ ਅਲਟਰਾਸਾਊਂਡ ਕਰਵਾਉਣਾ ਅਤੇ ਇੱਕ ਸਿਹਤਮੰਦ ਵਜ਼ਨ ਬਣਾਈ ਰੱਖਣਾ ਸ਼ਾਮਿਲ ਹਨ।’’