ਧਰਮਸ਼ਾਲਾ, 18 ਜੂਨ,ਬੋਲੇ ਪੰਜਾਬ ਬਿਓਰੋ:
ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਨੂੰ ਮਿਲਣ ਲਈ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਮਿਸ਼ੇਲ ਮੈਕੌਲ ਦੀ ਅਗਵਾਈ ਹੇਠ ਅਮਰੀਕੀ ਸੰਸਦ ਮੈਂਬਰਾਂ ਦਾ ਇਕ ਵਫ਼ਦ ਅੱਜ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਪਹੁੰਚਿਆ। ਵਫ਼ਦ ’ਚ ਨੈਨਸੀ ਪੈਲੋਸੀ, ਮੈਰੀਅਨੈਟੇ ਮਿਲਰ, ਗਰੇਗਰੀ ਮੀਕਸ, ਨਿਕੋਲ ਮਾਲੀਓਟਾਕੀਸ, ਜਿਮ ਮੈਕਗੋਵਰਨ ਅਤੇ ਅਮੀ ਬੇਰਾ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਅਮਰੀਕੀ ਵਫ਼ਦ ਇਥੇ ਦੋ ਦਿਨਾ ਦੌਰੇ ’ਤੇ ਆਇਆ ਹੈ ਅਤੇ ਉਹ ਅੱਜ ਬੁੱਧਵਾਰ ਸਵੇਰੇ ਦਲਾਈ ਲਾਮਾ ਨਾਲ ਮੁਲਾਕਾਤ ਕਰੇਗਾ। ਇਥੇ ਹਵਾਈ ਅੱਡੇ ’ਤੇ ਪਹੁੰਚਣ ਮਗਰੋਂ ਮੈਕੌਲ ਨੇ ਕਿਹਾ ਕਿ ਉਹ ਦਲਾਈ ਲਾਮਾ ਨੂੰ ਮਿਲਣ ਲਈ ਪੂਰੇ ਜੋਸ਼ ’ਚ ਹਨ। ਉਨ੍ਹਾਂ ਕਿਹਾ ਕਿ ਉਹ ਦਲਾਈ ਲਾਮਾ ਨੂੰ ਤਿੱਬਤ ਦੇ ਲੋਕਾਂ ਨਾਲ ਅਮਰੀਕਾ ਦੇ ਡਟ ਕੇ ਖੜ੍ਹੇ ਰਹਿਣ ਸਬੰਧੀ ਕਾਂਗਰਸ ਵੱਲੋਂ ਪਾਸ ਕੀਤੇ ਗਏ ਬਿੱਲ ਸਮੇਤ ਹੋਰ ਕਈ ਗੱਲਾਂ ਤੋਂ ਜਾਣੂ ਕਰਾਉਣਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਬਿੱਲ ’ਤੇ ਦਸਤਖ਼ਤ ਕਰਨਗੇ ਤਾਂ ਮੈਕੌਲ ਨੇ ਕਿਹਾ ਕਿ ਉਹ ਇਸ ’ਤੇ ਜ਼ਰੂਰ ਦਸਤਖ਼ਤ ਕਰਨਗੇ। ਹਵਾਈ ਅੱਡੇ ’ਤੇ ਜਲਾਵਤਨ ਤਿੱਬਤੀ ਸਰਕਾਰ ਦੇ ਸੂਚਨਾ ਅਤੇ ਕੌਮਾਂਤਰੀ ਸਬੰਧਾਂ ਬਾਰੇ ਵਿਭਾਗ ਦੇ ਮੰਤਰੀ ਡੋਲਮਾ ਸੇਰਿੰਗ ਸਮੇਤ ਕੇਂਦਰੀ ਤਿੱਬਤਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਵਫ਼ਦ ਦਾ ਹਵਾਈ ਅੱਡੇ ’ਤੇ ਨਿੱਘਾ ਸਵਾਗਤ ਕੀਤਾ।