ਮੋਹਾਲੀ ਪ੍ਰਸ਼ਾਸਨ ਦੀ ਪਹਿਲ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਉਣ ਵਾਲੇ ਲੋਕਾਂ ਲਈ ਰਿਸੈਪਸ਼ਨ-ਕਮ-ਹੈਲਪ ਡੈਸਕ ਸਥਾਪਤ

ਚੰਡੀਗੜ੍ਹ ਪੰਜਾਬ

ਡੀ.ਸੀ.ਆਸ਼ਿਕਾ ਜੈਨ ਨੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ

ਐਸ.ਏ.ਐਸ.ਨਗਰ, 18 ਜੂਨ, ਬੋਲੇ ਪੰਜਾਬ ਬਿਓਰੋ :

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ), ਐਸ.ਏ.ਐਸ.ਨਗਰ, ਵਿਖੇ ਆਪਣੇ ਕੰਮਾਂ ਲਈ ਆਉਣ ਵਾਲੇ ਆਮ ਲੋਕਾਂ ਦੀ ਸਹੂਲਤ ਲਈ ਡੀਏਸੀ ਦੀ ਪਹਿਲੀ ਮੰਜ਼ਿਲ ‘ਤੇ ਇੱਕ ਸਮਰਪਿਤ ਰਿਸੈਪਸ਼ਨ-ਕਮ-ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਡੀ.ਏ.ਸੀ. ਵਿੱਚ ਸਥਿਤ ਵੱਖ-ਵੱਖ ਦਫ਼ਤਰਾਂ ਵਿੱਚ ਆਉਣ ਵਾਲੇ ਆਮ ਲੋਕਾਂ ਨੂੰ ਪਾਰਦਰਸ਼ੀ, ਜਵਾਬਦੇਹ ਅਤੇ ਪ੍ਰਭਾਵੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਇੱਕ ਰਿਸੈਪਸ਼ਨ-ਕਮ-ਹੈਲਪ ਡੈਸਕ ਸਾਰੇ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ ਕੰਮ ਕਰੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਉਨ੍ਹਾਂ ਦੇ ਕੰਮਾਂ ਵਿੱਚ ਸਹਾਇਤਾ ਕਰਨ ਦੇ ਉਦੇਸ਼ ਨਾਲ ਚੁੱਕਿਆ ਇਹ ਕਦਮ ਲੋਕਾਂ ਲਈ ਸਹਾਈ ਹੋਵੇਗਾ।
ਡੈਸਕ ‘ਤੇ ਕੰਮਾਂ ਲਈ ਆਉਣ ਵਾਲੇ ਲੋਕਾਂ ਦੀ ਪੂਰੀ ਗੱਲ ਸੁਣਕੇ ਉਹਨਾਂ ਨੂੰ ਸਬੰਧਤ ਦਫ਼ਤਰ ਤਕ ਜਾਣ ਲਈ ਸਹਿਯੋਗ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਸਬੰਧਤ ਅਧਿਕਾਰੀ ਇੰਚਾਰਜ ਨੂੰ ਵੀ ਉਸ ਦੇ ਦਫ਼ਤਰ ਨਾਲ ਸਬੰਧਤ ਸ਼ਿਕਾਇਤਾਂ ਦਾ ਹੱਲ ਕਰਨ ਜਾਂ ਨਿਪਟਾਰਾ ਕਰਨ ਲਈ ਫ਼ੋਨ ‘ਤੇ ਬੇਨਤੀ ਕੀਤੀ ਜਾਵੇਗੀ। ਡੈਸਕ ਟੀਮ ਦੇ ਮੈਂਬਰ ਆਮ ਲੋਕਾਂ ਨੂੰ ਅਧਿਕਾਰੀ ਦੇ ਨਾਂ ਅਤੇ ਜਿਸ ਮੰਜ਼ਿਲ ‘ਤੇ ਦਫ਼ਤਰ ਸਥਿਤ ਹੈ, ਬਾਰੇ ਵੀ ਜਾਣੂ ਕਰਵਾਉਣਗੇ ਤਾਂ ਜੋ ਲੋਕ ਸਬੰਧਤ ਦਫ਼ਤਰ ਦੀ ਭਾਲ ਲਈ ਇਧਰ-ਉਧਰ ਨਾ ਜਾਣ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਜੈਨ ਨੇ ਏਡੀਸੀ (ਜੀ) ਵਿਰਾਜ.ਐਸ.ਤਿੜਕੇ, ਐਸ.ਡੀ.ਐਮ. ਮੁਹਾਲੀ ਦੀਪਾਂਕਰ ਗਰਗ ਅਤੇ ਜ਼ਿਲ੍ਹਾ ਮਾਲ ਅਫਸਰ ਹਰਮਿੰਦਰ ਸਿੰਘ ਹੁੰਦਲ ਜਿਨ੍ਹਾਂ ਕੋਲ ਸਹਾਇਕ ਕਮਿਸ਼ਨਰ (ਜੀ) ਦਾ ਵਾਧੂ ਚਾਰਜ ਵੀ ਹੈ, ਨਾਲ ਮੀਟਿੰਗ ਕਰਦਿਆਂ, ਉਨ੍ਹਾਂ ਨੂੰ ਅੱਜ ਤੋਂ ਹੀ ਰਿਸੈਪਸ਼ਨ-ਕਮ ਹੈਲਪ ਡੈਸਕ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਪਾਬੰਦ ਹੈ ਕਿ ਕਿਸੇ ਨੂੰ ਵੀ ਸਰਕਾਰੀ ਦਫ਼ਤਰਾਂ ਵਿੱਚ ਆਉਣ-ਜਾਣ ਸਮੇਂ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਇਸ ਰਿਸੈਪਸ਼ਨ-ਕਮ-ਹੈਲਪ ਡੈਸਕ ‘ਤੇ ਆਉਣ ਵਾਲੇ ਪੀ.ਡਬਲਯੂ.ਡੀ. ਵਿਅਕਤੀਆਂ ਲਈ ਵਲੰਟੀਅਰ ਸਮੇਤ ਵ੍ਹੀਲਚੇਅਰ ਦੀ ਸਹੂਲਤ ਮੁਹਈਆ ਕਰਵਾਈ ਜਾਵੇ।

Leave a Reply

Your email address will not be published. Required fields are marked *