ਪੰਜਾਬ ਪੁਲਿਸ ਨੇ ਐਸ.ਬੀ.ਐਸ.ਨਗਰ ਵਿੱਚ ਨਸ਼ਿਆਂ ਵਿਰੁੱਧ ਸਾਈਕਲ ਰੈਲੀ ਕੱਢੀ

ਚੰਡੀਗੜ੍ਹ ਪੰਜਾਬ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ

ਐਸ.ਐਸ.ਪੀ. ਡਾਕਟਰ ਮਹਿਤਾਬ ਸਿੰਘ ਦੀ ਅਗਵਾਈ ਵਿੱਚ ਕੱਢੀ ਇਸ ਰੈਲੀ ਵਿੱਚ ਹਰ ਵਰਗ ਦੇ ਲੋਕਾਂ ਨੇ ਕੀਤੀ ਸ਼ਿਰਕਤ

ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਕੱਢੀ ਗਈ ਸਾਈਕਲ ਰੈਲੀ : ਐਸ.ਐਸ.ਪੀ. ਮਹਿਤਾਬ ਸਿੰਘ

ਚੰਡੀਗੜ੍ਹ/ਐਸਬੀਐਸ ਨਗਰ,18 ਜੂਨ ,ਬੋਲੇ ਪੰਜਾਬ ਬਿਓਰੋ:

  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ  ਚਲਾਈ ਜਾ ਰਹੀ ਵਿਸ਼ੇਸ਼ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ, ਐਸ.ਬੀ.ਐਸ.ਨਗਰ ਜ਼ਿਲ੍ਹਾ ਪੁਲਿਸ ਨੇ ਮੰਗਲਵਾਰ ਨੂੰ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਅਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਣ ਲਈ ਇੱਕ ਜ਼ਿਲ੍ਹਾ ਪੱਧਰੀ ਸਾਈਕਲ ਰੈਲੀ “ਸਾਈਕਲੋਥਨ”ਦਾ ਆਯੋਜਨ ਕੀਤਾ।

   ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਐਸ.ਬੀ.ਐਸ.ਨਗਰ ਡਾ: ਮਹਿਤਾਬ ਸਿੰਘ ਦੀ ਅਗਵਾਈ  ਵਾਲੀ ਇਸ ਰੈਲੀ  ਵਿੱਚ ਹਰ ਵਰਗ ਦੇ ਲੋਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।  ਗਜ਼ਟਿਡ ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ 600 ਦੇ ਕਰੀਬ ਆਮ ਲੋਕਾਂ ਨੇ ਸਾਈਕਲ ਚਲਾ ਕੇ ਨਸ਼ੇ ਤਿਆਗਣ ਦਾ  ਸੰਦੇਸ਼ ਦਿੱਤਾ।

  ਇਹ ਰੈਲੀ ਆਈ.ਟੀ.ਆਈ ਗਰਾਊਂਡ ਨਵਾਂਸ਼ਹਿਰ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਚੌਂਕ-ਗੜ੍ਹਸ਼ੰਕਰ ਰੋਡ-ਰਾਹੋਂ ਰੋਡ-ਸਲੋਹ ਰੋਡ ਤੋਂ ਹੁੰਦੀ ਹੋਈ ਸ਼ਹਿਰ ਦਾ ਚੱਕਰ ਕੱਢ ਕੇ ਸ਼ੁਰੂਆਤੀ ਸਥਾਨ ’ਤੇ  ਆ ਕੇ ਸਮਾਪਤ ਹੋਈ। ਇਸ ਤੋਂ ਬਾਅਦ ਭਾਗ ਲੈਣ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

 ਐਸਐਸਪੀ ਡਾ: ਮਹਿਤਾਬ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਾਈਕਲ ਰੈਲੀ ਦੇ ਆਯੋਜਨ ਦਾ ਮੁੱਖ ਉਦੇਸ਼ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਾਉਣਾਂ ਅਤੇ  ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਨਾ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਖੇਡ ਗਤੀਵਿਧੀਆਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਅਦਾ  ਕਰਦੀਆਂ ਹਨ।

  ਐਸਐਸਪੀ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਇਸ ਅਹਿਮ ਲੜਾਈ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ, “ਜ਼ਿਲ੍ਹਾ ਪੁਲਿਸ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖੇਗੀ ਤਾਂ ਜੋ ਸਾਡੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇ ਕੇ  ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ।’’

  ਜ਼ਿਕਰਯੋਗ ਹੈ ਕਿ ਐਸ.ਬੀ.ਐਸ.ਨਗਰ ਪੁਲਿਸ ਨੇ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੰਦਿਆਂ ਭਾਗ ਲੈਣ ਵਾਲਿਆਂ ਨੂੰ 500 ਬੂਟੇ ਵੀ ਵੰਡੇ।

Leave a Reply

Your email address will not be published. Required fields are marked *