ਡੀਆਈਜੀ ਨੇ ਟਾਂਡਾ ਥਾਣੇ ਵਿੱਚ ਛਾਪਾ ਮਾਰਿਆ, ਡੀਐਸਪੀ ਅਤੇ ਐਸਐਚਓ ਮਿਲੇ ਸੁੱਤੇ, ਸਬ-ਇੰਸਪੈਕਟਰ ਸਸਪੈਂਡ

ਚੰਡੀਗੜ੍ਹ ਪੰਜਾਬ


ਹੁਸ਼ਿਆਰਪੁਰ, 18 ਜੂਨ, ਬੋਲੇ ਪੰਜਾਬ ਬਿਓਰੋ:
ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਅੱਜ ਹੁਸ਼ਿਆਰਪੁਰ ਦੇ ਟਾਂਡਾ ਥਾਣੇ ਵਿੱਚ ਛਾਪਾ ਮਾਰਿਆ। ਇਸ ਦੌਰਾਨ ਥਾਣੇ ਵਿਚ ਡੀਐਸਪੀ ਅਤੇ ਐਸਐਚਓ ਆਪਣੇ ਕੁਆਰਟਰ ਵਿੱਚ ਸੁੱਤੇ ਪਏ ਮਿਲੇ। ਇੰਨਾ ਹੀ ਨਹੀਂ ਥਾਣੇ ਵਿੱਚ ਸਿਰਫ਼ ਸਹਾਇਕ ਮੁਨਸ਼ੀ ਹੀ ਮੌਜੂਦ ਸੀ ਅਤੇ ਉਸ ਕੋਲ ਕੋਈ ਹਥਿਆਰ ਵੀ ਨਹੀਂ ਸੀ।
ਇਸ ‘ਤੇ ਡੀਆਈਜੀ ਨੇ ਐਸਐਚਓ ਟਾਂਡਾ ਤੇ ਸਬ-ਇੰਸਪੈਕਟਰ ਰਮਨ ਕੁਮਾਰ ਨੂੰ ਸਸਪੈਂਡ ਕਰ ਦਿੱਤਾ। ਉਨ੍ਹਾਂ ਡੀਐਸਪੀ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ। ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਐਸਐਸਪੀ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਥਾਣਾ ਟਾਂਡਾ ਪੁੱਜੇ ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਸਭ ਤੋਂ ਪਹਿਲਾਂ ਮੁਨਸ਼ੀ ਦੇ ਕਮਰੇ ਵਿੱਚ ਪਹੁੰਚ ਕੇ ਵਾਇਰਲੈੱਸ ਸੈੱਟ ’ਤੇ ਕੰਟਰੋਲ ਰੂਮ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਡੀਆਈਜੀ ਗਿੱਲ ਨੇ ਕੰਟਰੋਲ ਰੂਮ ਵਿੱਚ ਤਿੰਨਾਂ ਜ਼ਿਲ੍ਹਿਆਂ (ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ) ਦੇ ਐਸਐਸਪੀ ਨੂੰ ਨੋਟ ਕਰਨ ਲਈ ਕਿਹਾ ਕਿ ਮੈਂ ਅੱਜ ਟਾਂਡਾ ਥਾਣੇ ਵਿੱਚ ਚੈਕਿੰਗ ਲਈ ਪਹੁੰਚ ਗਿਆ ਹਾਂ।
ਡੀਆਈਜੀ ਨੇ ਦੱਸਿਆ ਕਿ ਸਵੇਰੇ ਸਾਢੇ ਸੱਤ ਵਜੇ ਹੀ ਥਾਣੇ ਵਿੱਚ ਸਹਾਇਕ ਮੁਨਸ਼ੀ ਹੀ ਬੈਠਾ ਸੀ। ਸਵੇਰੇ 8 ਵਜੇ ਦੀ ਰੋਲ ਕਾਲ ਗਾਇਬ ਸੀ। ਐਸਐਚਓ ਅਤੇ ਡੀਐਸਪੀ ਟਾਂਡਾ ਆਪੋ-ਆਪਣੇ ਕੁਆਟਰਾਂ ਵਿੱਚ ਪਾਏ ਗਏ। ਥਾਣੇ ਵਿੱਚ ਕੋਈ ਵੀ ਮੈਨਪਾਵਰ ਨਹੀਂ ਸੀ। ਥਾਣੇ ਵਿੱਚ ਇੱਕ ਮਹਿਲਾ ਹਾਵਲਾਤੀ ਸੀ, ਪਰ ਥਾਣੇ ਵਿੱਚ ਕੋਈ ਵੀ ਮਹਿਲਾ ਮੁਲਾਜ਼ਮ ਨਹੀਂ ਸੀ।
ਕਾਰਵਾਈ ਕਰਦਿਆਂ ਡੀਆਈਜੀ ਨੇ ਕਿਹਾ ਕਿ ਫਿਲਹਾਲ ਉਹ ਟਾਂਡਾ ਥਾਣੇ ਦੇ ਐਸਐਚਓ ਨੂੰ ਲਾਈਨ ਹਾਜ਼ਰ ਕਰ ਰਹੇ ਹਨ। ਡੀਐਸਪੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਐਸਐਸਪੀ ਹੁਸ਼ਿਆਰਪੁਰ ਤੋਂ ਸਪੱਸਟੀਕਰਨ ਮੰਗਿਆ ਗਿਆ ਹੈ।
ਗਿੱਲ ਨੇ ਕਿਹਾ ਕਿ ਮੇਰੀ ਰੇਂਜ ਦੇ ਹਰ ਥਾਣੇ ਵਿੱਚ ਅਜਿਹੀ ਚੈਕਿੰਗ ਜਾਰੀ ਰਹੇਗੀ ਅਤੇ ਜਿੱਥੇ ਵੀ ਕੋਈ ਕਮੀ ਪਾਈ ਜਾਵੇਗੀ ਉਸ ‘ਤੇ ਕਾਰਵਾਈ ਕੀਤੀ ਜਾਵੇਗੀ। ਰੇਂਜ ਦਫ਼ਤਰ (ਡੀ.ਜੀ.ਪੀ. ਦਫ਼ਤਰ) ਵੱਲੋਂ ਆਉਣ ਵਾਲੇ ਏਜੰਡੇ ਦੀ ਪਾਲਣਾ ਨਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *