ਸਵੇਰੇ ਘਰੋਂ ਚੁੱਕਿਆ ਸ਼ਾਮ ਨੂੰ ਸੁੱਟ ਗਏ ਲਾਸ਼
ਜਗਰਾਓ 18 ਜੂਨ,ਬੋਲੇ ਪੰਜਾਬ ਬਿਓਰੋ: ਜਗਰਾਉਂ ’ਚ ਮਹੀਨਾ ਪਹਿਲਾਂ ਚਿੱਟੇ ਨਾਲ ਮਰੇ ਨੌਜਵਾਨ ਦੇ ਦੋਸਤਾਂ ਨੇ ਸੋਮਵਾਰ ਨੂੰ ਚਿੱਟਾ ਵੇਚਣ ਵਾਲੇ ਨੂੰ ਮਾਰ ਦਿੱਤਾ। ਦਿਲ ਦਹਿਲਾ ਦੇਣ ਵਾਲੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਸਵੇਰੇ ਚਿੱਟਾ ਵੇਚਣ ਵਾਲੇ ਨੂੰ ਕੁੱਟਦਿਆਂ ਘਰੋਂ ਚੁੱਕ ਕੇ ਲੈ ਗਏ ਤੇ ਸ਼ਾਮ ਨੂੰ ਘਰ ਦੇ ਬਾਹਰ ਉਸ ਦੀ ਲਾਸ਼ ਸੁੱਟ ਕੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਵੀ ਕੈਦ ਹੋ ਗਈ। ਮਹੀਨਾ ਪਹਿਲਾਂ ਜਗਰਾਉਂ ਵਾਸੀ ਗੋਲੂ ਨੇ ਜਸਵੀਰ ਸਿੰਘ ਵਾਸੀ ਨਿਊ ਮੁਕੰਦਪੁਰੀ ਤੋਂ ਚਿੱਟਾ ਖ਼ਰੀਦਿਆ ਸੀ। ਖ਼ਰੀਦੇ ਚਿੱਟੇ ਦਾ ਗੋਲੂ ਨੇ ਟੀਕਾ ਲਗਾਇਆ ਤਾਂ ਉਸ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ। ਇਸ ਗੱਲ ਤੋਂ ਗੋਲੂ ਦੇ ਦੋਸਤ ਖ਼ਫ਼ਾ ਸਨ। ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਗੋਲੂ ਦੇ ਦੋਸਤ ਜਸਵੀਰ ਸਿੰਘ ਦੇ ਘਰ ਪੁੱਜੇ ਤੇ ਪਰਿਵਾਰ ਦੇ ਸਾਹਮਣੇ ਉਸ ਦੀ ਕੁੱਟਮਾਰ ਕਰਨ ਲੱਗੇ।
ਜਦੋਂ ਉਸ ਦੀ ਪਤਨੀ ਨੇ ਇਸਦਾ ਵਿਰੋਧ ਕੀਤਾ ਤਾਂ ਉਸ ਨਾਲ ਵੀ ਹੱਥੋਪਾਈ ਕੀਤੀ ਗਈ। ਇਸ ਤੋਂ ਬਾਅਦ ਉਹ ਜਸਵੀਰ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਨਾਲ ਲੈ ਗਏ ਤੇ ਸ਼ਾਮ ਨੂੰ ਜਸਵੀਰ ਉਸ ਦੇ ਘਰ ਅੱਗੇ ਹੀ ਸੁੱਟ ਕੇ ਫ਼ਰਾਰ ਹੋ ਗਏ। ਪਰਿਵਾਰਕ ਮੈਂਬਰ ਜਸਵੀਰ ਨੂੰ ਪਹਿਲਾਂ ਇਕ ਨਿੱਜੀ ਹਸਪਤਾਲ ਤੇ ਫਿਰ ਸਿਵਲ ਹਸਪਤਾਲ ਲੈ ਕੇ ਗਏ। ਦੋਵਾਂ ਥਾਈਂ ਡਾਕਰਟਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਜਗਰਾਉਂ ਥਾਣਾ ਸਿਟੀ ਦੇ ਮੁਖੀ ਸੁਰਿੰਦਰ ਸਿੰਘ ਸਿਵਲ ਹਸਪਤਾਲ ਪੁੱਜੇ ਜਿੱਥੇ ਜਸਵੀਰ ਦੀ ਪਤਨੀ ਤੋਂ ਸਾਰੀ ਘਟਨਾ ਦੀ ਜਾਣਕਾਰੀ ਲੈਂਦਿਆਂ ਬਿਆਨ ਕਲਮਬੰਦ ਕੀਤੇ। ਸੂਤਰਾਂ ਮੁਤਾਬਕ ਪੁਲਿਸ ਨੇ ਜਸਵੀਰ ਨੂੰ ਘਰੋਂ ਚੁੱਕ ਕੇ ਲੈ ਕੇ ਜਾਣ ਵਾਲੇ ਨੌਜਵਾਨਾਂ ਦੇ ਘਰਾਂ ’ਚ ਛਾਪੇਮਾਰੀ ਵੀ ਕੀਤੀ ਪਰ ਉਹ ਸਾਰੇ ਫ਼ਰਾਰ ਸਨ।