ਲੌਂਗੋਵਾਲ, 17 ਜੂਨ, ਬੋਲੇ ਪੰਜਾਬ ਬਿਓਰੋ:
ਕੜਾਕੇ ਦੀ ਗਰਮੀ ਦੌਰਾਨ ਇੱਥੋਂ ਦੇ ਬਡਬਰ ਰੋਡ ’ਤੇ ਸਥਿਤ ਪੈਟਰੋਲ ਪੰਪ ਨੇੜੇ ਪੈਟਰੋਲ ਅਤੇ ਡੀਜ਼ਲ ਨਾਲ ਭਰੇ ਇੱਕ ਟੈਂਕਰ ਦੇ ਕੈਬਿਨ ਨੂੰ ਅਚਾਨਕ ਅੱਗ ਲੱਗ ਗਈ। ਕੁਝ ਹੀ ਮਿੰਟਾਂ ‘ਚ ਅੱਗ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਲੋਕਾਂ ਦੇ ਸਾਹ ਰੁਕ ਗਏ।
ਭਾਰਤ ਪੈਟਰੋਲੀਅਮ ਦੇ ਕ੍ਰਿਸ਼ਨਾ ਪੈਟਰੋ ਸੈਂਟਰ ਸਥਿਤ ਪੰਪ ‘ਤੇ ਜਦੋਂ ਡਰਾਈਵਰ ਗੱਡੀ ਨੂੰ ਪਿੱਛੇ ਕਰਨ ਲੱਗਾ ਤਾਂ ਗੱਡੀ ਦੇ ਕੈਬਿਨ ‘ਚ ਅਚਾਨਕ ਅੱਗ ਲੱਗ ਗਈ। ਡਰਾਈਵਰ ਅਤੇ ਪੰਪ ਦੇ ਕਰਮਚਾਰੀਆਂ ਨੇ ਅੱਗ ਬੁਝਾਊ ਯੰਤਰਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕੇ। ਸੜਕ ‘ਤੇ ਖੜ੍ਹੇ ਟੈਂਕਰ ਦਾ ਕੈਬਿਨ ਸੜ ਰਿਹਾ ਸੀ ਅਤੇ ਟਾਇਰਾਂ ਦੇ ਪਟਾਕੇ ਬੋਲ ਰਹੇ ਸਨ। ਅੱਗ ਲੱਗਣ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਸੰਗਰੂਰ ਨੂੰ ਸੂਚਿਤ ਕੀਤਾ ਗਿਆ ਅਤੇ ਪੁਲੀਸ ਨੇ ਆ ਕੇ ਆਵਾਜਾਈ ਰੋਕ ਕੇ ਮੌਕੇ ਤੋਂ ਲੋਕਾਂ ਨੂੰ ਘਟਨਾ ਵਾਲੀ ਜਗ੍ਹਾ ਤੋਂ ਦੂਰ ਕੀਤਾ।
ਫਾਇਰ ਬ੍ਰਿਗੇਡ ਦੇ ਦੇਰੀ ਨਾਲ ਪਹੁੰਚਣ ਕਾਰਨ ਇਕੱਠੇ ਹੋਏ ਲੋਕਾਂ ਦੇ ਦਿਲਾਂ ਦੀ ਧੜਕਣ ਤੇਜ਼ ਹੋ ਰਹੀ ਸੀ ਕਿਉਂਕਿ ਇਹ ਗੱਡੀ ਕਿਸੇ ਵੀ ਸਮੇਂ ਧਮਾਕਾ ਕਰ ਸਕਦੀ ਸੀ ਅਤੇ ਦੋਵੇਂ ਪੰਪ ਆਹਮੋ-ਸਾਹਮਣੇ ਹੋਣ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਦੌਰਾਨ ਸੰਗਰੂਰ, ਬਰਨਾਲਾ ਅਤੇ ਸੁਨਾਮ ਤੋਂ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।