ਲੁਧਿਆਣਾ, 17 ਜੂਨ,ਬੋਲੇ ਪੰਜਾਬ ਬਿਓਰੋ: ਪੰਜਾਬ ਦੇ ਕਿਸਾਨਾਂ ਨੂੰ ਖੇਤੀ ਸੰਕਟ ਵਿੱਚੋਂ ਕੱਢਣ ਲਈ ਅਣਥੱਕ ਯਤਨਾਂ ਦੇ ਸਿੱਟੇ ਵਜੋਂ ਪੀਏਯੂ ਦੇ ਵਾਈਸ-ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਅਗਾਂਹਵਧੂ ਕਿਸਾਨਾਂ ਦੇ ਇੱਕ ਵਫਦ ਨਾਲ ਚਰਚਾ ਕੀਤੀ। ਇਸ ਮੁਲਾਕਾਤ ਦਾ ਮੰਤਵ ਕਿਸਾਨਾਂ ਦੀਆਂ ਮੁਸ਼ਕਿਲਾਂ ਬਾਰੇ ਗੱਲਬਾਤ ਦੇ ਨਾਲ ਨਾਲ ਉਨ੍ਹਾਂ ਨੂੰ ਯੂਨੀਵਰਸਿਟੀ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣਾ ਵੀ ਸੀ। ਇਸ ਦੌਰਾਨ ਪਾਣੀ ਦੀ ਸੰਭਾਲ ਦੀਆਂ ਸਿਫਾਰਿਸ਼ਾਂ ਬਾਰੇ ਚਰਚਾ ਹੋਈ ਜੋ ਰਾਜ ਭਰ ਵਿੱਚ ਜਾਰੀ ਹਨ।
ਗੱਲਬਾਤ ਦੌਰਾਨ ਕਿਸਾਨਾਂ ਨੇ ਪਾਣੀ ਦੇ ਕੀਮਤੀ ਸਰੋਤਾਂ ਦੀ ਹੋ ਰਹੀ ਕਮੀ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ, ਜਿਸ ਨੂੰ ਜੇਕਰ ਮੌਜੂਦਾ ਸਮੇਂ ਵਿਚ ਨਾ ਸੰਭਾਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਇਹ ਪੰਜਾਬ ਲਈ ਘਾਤਕ ਸਿੱਧ ਹੋ ਸਕਦਾ ਹੈ। ਕਿਸਾਨਾਂ ਦੇ ਵਫ਼ਦ ਨੇ ਬਸੰਤ ਰੁੱਤ ਜਾਂ ਗਰਮੀਆਂ ਦੀ ਮੱਕੀ ਹੇਠ ਰਕਬਾ ਵਧਾਉਣ ਦੇ ਮੁੱਦੇ ਦਾ ਜ਼ਿਕਰ ਕਰਦਿਆਂ ਇਸ ਨੂੰ ਧਰਤੀ ਹੇਠਲੇ ਪਾਣੀ ਦੇ ਸੋਮਿਆਂ ਲਈ ਵੱਡਾ ਖਤਰਾ ਦੱਸਿਆ।
ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ, ਡਾ: ਗੋਸਲ ਨੇ ਝੋਨੇ ਦੀਆਂ ਪਾਣੀ ਦੀ ਸੰਭਾਲ ਕਰਨ ਵਾਲੀਆਂ ‘ਪੀ.ਆਰ.’ ਕਿਸਮਾਂ ਅਤੇ ਪਾਣੀ ਬਚਾਉਣ ਦੀਆਂ ਤਕਨੀਕਾਂ ਦੇ ਵਿਕਾਸ ਬਾਰੇ ਗੱਲਬਾਤ ਕੀਤੀ । ਡਾ ਗੋਸਲ ਨੇ ਇਸ ਨੂੰ ਸਮੁੱਚੇ ਪੰਜਾਬ ਲਈ ਜਾਗਣ ਦਾ ਸਮਾਂ ਕਰਾਰ ਦਿੰਦਿਆਂ ਕਿਹਾ ਧਰਤੀ ਹੇਠਲੇ ਪਾਣੀ ਦੀ ਕਮੀ ਨੇ ਖੇਤੀ ਵਿਗਿਆਨੀਆਂ ਅਤੇ ਕਿਸਾਨ ਭਾਈਚਾਰੇ ਲਈ ਗੰਭੀਰ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰੋਤਾਂ ਦੀ ਵਰਤੋਂ ਦੀ ਕੁਸ਼ਲਤਾ ਨੂੰ ਵਧਾਉਣਾ ਅਤੇ ਕਣਕ-ਝੋਨੇ ਦੀ ਕਾਸ਼ਤ ਦੇ ਗੰਭੀਰ ਪ੍ਰਭਾਵਾਂ ਨੂੰ ਹੱਲ ਕਰਨਾ ਪੀਏਯੂ ਲਈ ਮੁੱਖ ਚਿੰਤਾਵਾਂ ਹਨ।
ਪੀਏਯੂ ਦੀਆਂ ਖੋਜਾਂ ਅਤੇ ਵਿਸਤਾਰ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਡਾ: ਗੋਸਲ ਨੇ ਕਿਹਾ ਕਿ ਮੌਜੂਦਾ ਸਾਉਣੀ ਦੇ ਸੀਜ਼ਨ ਵਿੱਚ, ਪੰਜਾਬ ਭਰ ਦੇ ਕਿਸਾਨਾਂ ਅਤੇ ਹੋਰ ਆਸ ਪਾਸ ਦੇ ਰਾਜਾਂ ਦੇ ਕਿਸਾਨਾਂ ਨੇ ਘੱਟ ਪਾਣੀ ਦੀ ਲੋੜ ਵਾਲੀਆਂ ਅਤੇ ਘੱਟ ਮਿਆਦ ਵਿਚ ਪੱਕਣ ਵਾਲੀਆਂ ਪੀ.ਆਰ. ਕਿਸਮਾਂ ਵਿਕਸਿਤ ਕੀਤੀਆਂ ਹਨ। ਇਹ ਕਿਸਮਾਂ ਪੀ ਆਰ 126 ਅਤੇ ਪੀਆਰ 131 ਹਨ। ਪੰਜਾਬ ਵਿੱਚ 35 ਬੀਜ ਵਿਕਰੀ ਕੇਂਦਰਾਂ ਰਾਹੀਂ ਇਨ੍ਹਾਂ ਕਿਸਮਾਂ ਦਾ ਬੀਜ ਭਾਰੀ ਮਾਤਰਾ ਵਿੱਚ ਵੇਚਿਆ ਗਿਆ ਹੈ। ਕਿਸਾਨਾਂ ਵੱਲੋਂ ਭਾਰੀ ਮਾਤਰਾ ਵਿੱਚ ਖਰੀਦਿਆ ਬੀਜ ਸਾਬਿਤ ਕਰਦਾ ਹੈ ਕਿ ਉਨ੍ਹਾਂ ਦਾ ਭਰੋਸਾ ਯੂਨੀਵਰਸਿਟੀ ਵਲੋਂ ਸਿਫਾਰਿਸ਼ ਕਿਸਮਾਂ ਅਤੇ ਤਕਨੀਕਾਂ ਉੱਪਰ ਹੈ।
ਇਸ ਤੋ ਇਲਾਵਾ, ਡਾ: ਗੋਸਲ ਨੇ 20 ਜੂਨ ਤੋਂ ਬਾਅਦ ਝੋਨੇ ਦੀ ਲੁਆਈ ਅਤੇ ਪਾਣੀ, ਮਜ਼ਦੂਰੀ, ਵਾਤਾਵਰਨ ਅਤੇ ਕਿਸਾਨ ਹਿਤੈਸ਼ੀ ਤਕਨੀਕ ਤਰ-ਵੱਤਰ ਖੇਤ ਵਿਚ ਸਿੱਧੀ ਬਿਜਾਈ ਨੂੰ ਅਪਣਾਉਣ ਦੀ ਵਕਾਲਤ ਕੀਤੀ। ਉਨ੍ਹਾਂ ਨੇ ਟਿਊਬਵੈੱਲਾਂ ਦੇ ਪਾਣੀ ਦੇ ਮੁਕਾਬਲੇ ਨਹਿਰੀ ਪਾਣੀ ਦੀ ਵਰਤੋਂ ਕਰਨ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨ ਲਈ ਮੱਕੀ ਦੀ ਕਾਸ਼ਤ ‘ਤੇ ਵਿਸ਼ੇਸ਼ ਧਿਆਨ ਦੇਣ ਬਾਰੇ ਵੀ ਜਾਣਕਾਰੀ ਦਿੱਤੀ।