ਰੂਪਨਗਰ, 17 ਜੂਨ ,ਬੋਲੇ ਪੰਜਾਬ ਬਿਓਰੋ:ਡੀਜੀਪੀ ਪੰਜਾਬ ਗੌਰਵ ਯਾਦਵ ਦੀ ਹਦਾਇਤਾਂ ’ਤੇ ਪੰਜਾਬ ਪੁਲੀਸ ਵੱਲੋਂ ਨਸ਼ਿਆਂ ਖਿਲਾਫ਼ ਰਾਜ ਭਰ ਵੱਚ ਕਾਸੋ ਸਰਚ ਓਪਰੇਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਐੱਸ.ਐੱਸ.ਪੀ. ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਅੱਜ ਪਿੰਡ ਸੋਲਖੀਆਂ ਵਿਖੇ ਤਕਰੀਬਨ 55 ਘਰਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ।
ਇਸ ਕਾਸੋ ਓਪਰੇਸ਼ਨ ਦੀ ਅਗਵਾਈ ਕਰਦਿਆਂ ਐੱਸ.ਐੱਸ.ਪੀ. ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਇਸ ਕਾਸੋ ਓਪਰੇਸ਼ਨ ਦਾ ਉਦੇਸ਼ ਨਸ਼ਿਆ ਨੂੰ ਜੜ੍ਹੋਂ ਖਤਮ ਕਰਨਾ ਹੈ ਅਤੇ ਨਸ਼ਿਆਂ ਨੂੰ ਵੇਚਣ ਤੇ ਸਪਲਾਈ ਕਰਨ ਵਾਲੇ ਸਮੱਗਲਰਾਂ ਉਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਹੈ।
ਉਨ੍ਹਾਂ ਕਿਹਾ ਕਿ ਇਸ ਓਪਰੇਸ਼ਨ ਤਹਿਤ ਕੱਲ ਵੀ ਜ਼ਿਲ੍ਹੇ ਦੇ ਵੱਖ-ਵੱਖ ਥਾਂਵਾਂ ਤੇ ਟੀਮਾਂ ਬਣਾ ਕੇ ਚੈਕਿੰਗ ਕੀਤੀ ਗਈ ਅਤੇ ਅੱਜ ਵੀ ਜ਼ਿਲ੍ਹੇ ਦੇ 5 ਵੱਖ-ਵੱਖ ਸੰਵੇਦਨਸ਼ੀਲ ਥਾਵਾਂ ਤੇ ਇਹ ਸਰਚ ਓਪਰੇਸ਼ਨ ਕੀਤੇ ਜਾ ਰਹੇ ਹਨ।
ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਇਸ ਕਾਸੋ ਓਪਰੇਸ਼ਨ ਤਹਿਤ ਜ਼ਿਲ੍ਹੇ ਦੇ ਹਾਟ ਸਪਾਟ ਇਲਾਕੇ, ਸੰਵੇਦਨਸ਼ੀਲ ਥਾਵਾਂ ਜਿੱਥੋਂ ਦੀਆਂ ਨਸ਼ਿਆਂ ਖ਼ਿਲਾਫ਼ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ, ਦੇ ਵਿੱਚ ਮੁੱਖ ਤੌਰ ਤੇ ਇਹ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਨਸ਼ਿਆਂ ਦੇ ਸਮੱਗਲਰਾਂ ਨੂੰ ਫੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਹ ਚੈਕਿੰਗਾਂ ਨਿਰੰਤਰ ਜਾਰੀ ਰਹਿਣਗੀਆਂ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਇਨ੍ਹਾਂ ਚੈਕਿੰਗਾਂ ਤੋਂ ਇਲਾਵਾ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮ ਵੀ ਸਮੇਂ-ਸਮੇਂ ਸਿਰ ਕਰਵਾਏ ਜਾਂਦੇ ਹਨ, ਤਾਂ ਜੋ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਨੌਜ਼ਵਾਨਾਂ ਨੂੰ ਵੀ ਆਮ ਜ਼ਿੰਦਗੀ ਵਿੱਚ ਵਾਪਿਸ ਲਿਆਂਦਾ ਜਾ ਸਕੇ।
ਇਸ ਸਰਚ ਓਪਰੇਸ਼ਨ ਦੌਰਾਨ ਪਬਲਿਕ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਗਿਆ, ਜਿਨ੍ਹਾਂ ਨੇ ਪੁਲਿਸ ਮਹਿਕਮੇ ਵਲੋਂ ਚਲਾਏ ਜਾ ਰਹੇ ਇਸ ਸਰਚ ਓਪਰੇਸ਼ਨ ਦੀ ਸ਼ਲਾਘਾ ਕੀਤੀ ਅਤੇ ਵਿਚਾਰ ਦਿੱਤਾ ਕਿ ਪਬਲਿਕ ਦੀ ਸੁਰੱਖਿਆਂ ਅਤੇ ਨਸ਼ੇ ਦੀ ਰੋਕਥਾਮ ਦੇ ਮੱਦੇਨਜ਼ਰ ਅਜਿਹੇ ਸਰਚ ਓਪਰੇਸ਼ਨ ਭਵਿੱਖ ਵਿੱਚ ਵੀ ਕੀਤੇ ਜਾਣ।
ਇਸ ਦੌਰਾਨ ਉਨ੍ਹਾਂ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਨਸ਼ੇ ਦੀ ਦਲਦਲ ਵਿੱਚੋਂ ਨੌਜਵਾਨਾਂ ਨੂੰ ਕੱਢਣ ਲਈ ਆਮ ਲੋਕਾਂ ਨੂੰ ਵੀ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਕਿ ਨਸ਼ੇ ਦੇ ਸਮਗਲਰਾਂ ਨੂੰ ਕਾਬੂ ਕੀਤਾ ਜਾ ਸਕੇ।